ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਮਿਤ ਤਲਵਾੜ ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਮਿਤ ਤਲਵਾੜ ਨੇ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਵੱਧ ਰਹੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਵਾਤਾਵਰਣ ਅਤੇ ਮਿੱਟੀ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਗੈਰ ਕੁਦਰਤੀ ਵਰਤਾਰੇ ਨੂੰ ਸਖ਼ਤੀ ਨਾਲ ਨੱਥ ਪਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜ਼ਿਲ੍ਹੇ ਦੇ ਐਸ.ਡੀ.ਐਮ ਨੂੰ ਹਦਾਇਤਾਂ ਜਾਰੀ ਕਰਦੇ ਉਨ੍ਹਾਂ ਕਿਹਾ ਕਿ ਹਰੇਕ ਐਸ.ਡੀ.ਐਮ ਆਪਣੇ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੀ ਟੀਮ ਦਾ ਆਗੂ ਬਣ ਕੇ ਕੰਮ ਕਰੇ। (Stubble Burning)
ਕਾਨੂੰਨ ਅਨੁਸਾਰ ਕਾਰਵਾਈ ਕਰਨੀ ਯਕੀਨੀ: ਉਨ੍ਹਾਂ ਦੱਸਿਆ ਕਿ ਹਰੇਕ ਪਿੰਡ ਪੱਧਰ ਉਤੇ ਨੋਡਲ ਅਫਸਰ ਲੱਗ ਚੁੱਕੇ ਹਨ ਅਤੇ ਉਪਗ੍ਰਹਿ ਤੋਂ ਵੀ ਅੱਗ ਲੱਗਣ ਦੀ ਸੂਚਨਾ ਮਿਲ ਰਹੀ ਹੈ, ਸੋ ਜਿਸ ਵੀ ਖੇਤ ਵਿੱਚ ਪਰਾਲੀ ਸਾੜਨ ਦੀ ਸੂਚਨਾ ਮਿਲੇ, ਸਬੰਧਤ ਨੋਡਲ ਅਧਿਕਾਰੀ ਮੌਕੇ ਉਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰੇ ਅਤੇ ਸਬੰਧਤ ਕਿਸਾਨ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਐੱਸ.ਡੀ.ਐੱਮਜ਼ ਨੂੰ ਵੀ ਇਸ ਨੇਕ ਕੰਮ ਲਈ ਖੇਤਾਂ ਦਾ ਦੌਰਾ ਕਰਨ ਦੀ ਹਦਾਇਤ ਕੀਤੀ ਹੈ।
ਅਧਿਕਾਰੀਆਂ ਨੂੰ ਸਰਗਰਮ ਰਹਿਣ ਦੇ ਹੁਕਮ:ਇਸ ਤੋਂ ਇਲਾਵਾ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਮਾਲ ਵਿਭਾਗ ਦੇ ਹੋਰ ਅਧਿਕਾਰੀ, ਖੇਤੀਬਾੜੀ ਵਿਭਾਗਾਂ ਨੂੰ ਵੀ ਇਸ ਕੰਮ ਲਈ ਦਿਨ ਰਾਤ ਸਰਗਰਮ ਰਹਿਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਵੱਧ ਰਹੇ ਅੱਗ ਦੇ ਕੇਸਾਂ ਉਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਕੀਤੀ ਜਾ ਰਹੀ ਕੁਦਰਤ ਦੀ ਬਰਬਾਦੀ ਆਉਣ ਵਾਲੇ ਵੱਡੇ ਸੰਕਟ ਦਾ ਸੰਕੇਤ ਹਨ, ਜਿਸ ਨੂੰ ਰੋਕਣ ਦੀ ਲੋੜ ਹੈ। ਉਕਤ ਹਦਾਇਤਾਂ ਉਤੇ ਕਾਰਵਾਈ ਕਰਦੇ ਹੋਏ ਅੱਜ ਵੱਖ-ਵੱਖ ਟੀਮਾਂ ਨੇ 28 ਕੇਸਾਂ ਵਿੱਚ 70000 ਰੁਪਏ ਤੋਂ ਵੱਧ ਰਕਮ ਦੇ ਜ਼ੁਰਮਾਨੇ ਕਿਸਾਨਾਂ ਨੂੰ ਕੀਤੇ ਹਨ।
ਪਰਾਲੀ ਸਾੜਨ ਦੀ ਥਾਂ ਕੀਤੀ ਜਾਵੇ ਸੰਭਾਲ: ਬਾਬਾ ਬਕਾਲਾ ਸਾਹਿਬ, ਮਜੀਠਾ ਅਤੇ ਐੱਸ.ਡੀ.ਐਮ ਅੰਮ੍ਰਿਤਸਰ ਇੱਕ ਤਹਿਸੀਲ ਵਿਚ ਸਭ ਤੋਂ ਵੱਧ ਥਾਵਾਂ ਉਤੇ ਟੀਮਾਂ ਨੇ ਪਹੁੰਚ ਕੀਤੀ ਹੈ। ਡਿਪਟੀ ਕਮਿਸ਼ਨਰ ਤਲਵਾੜ ਵੱਲੋਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਪਰਾਲੀ ਸਾੜਨ ਦੀ ਥਾਂ ਸੰਭਾਲਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡ-ਪਿੰਡ ਅਜਿਹੀ ਮਸ਼ੀਨਰੀ ਦਾ ਪ੍ਰਬੰਧ ਕੀਤਾ ਹੈ, ਜੋ ਕਿ ਪਰਾਲੀ ਨੂੰ ਸਾੜਨ ਬਗੈਰ ਅਗਲੀ ਫਸਲ ਲਈ ਖੇਤ ਤਿਆਰ ਕਰ ਸਕਦੀ ਹੈ। ਉਨ੍ਹਾਂ ਕਿਹਾ ਜੇਕਰ ਕਿਸੇ ਕਿਸਾਨ ਨੂੰ ਅਜਿਹੀ ਮਿਸ਼ਨਰੀ ਲੈਣ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰ ਸਕਦਾ ਹੈ।
ਖੇਤੀ ਮਸ਼ੀਨਾਂ ਨਾਲ ਸਟਰਾਅ ਮੈਨੇਜਮੈਂਟ ਕਰਨ ਲਈ ਪ੍ਰੇਰਿਤ:ਇਸੇ ਦੌਰਾਨ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਜਤਿੰਦਰ ਸਿੰਘ ਵਲੋਂ ਬਲਾਕ ਮਜੀਠਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਉਹਨਾਂ ਬਲਾਕ ਖੇਤੀਬਾੜੀ ਅਫ਼ਸਰ ਮਜੀਠਾ ਤਜਿੰਦਰ ਸਿੰਘ ਦੇ ਸਹਿਯੋਗ ਨਾਲ ਬਲਾਕ ਮਜੀਠਾ ਦੇ ਪਿੰਡ ਸੋਹੀਆਂ ਕਲਾਂ ਅਤੇ ਕੱਥੂਨੰਗਲ ਵਿਖੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਬੇਲਰ/ਰੇਕ ਅਤੇ ਵੱਖ-ਵੱਖ ਹੋਰ ਖੇਤੀ ਮਸ਼ੀਨਾਂ ਨਾਲ ਸਟਰਾਅ ਮੈਨੇਜਮੈਂਟ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਬਲਾਕ ਮਜੀਠਾ ਦੇ ਵੱਖ-ਵੱਖ ਪਿੰਡਾਂ ਵਿਚ ਪ੍ਰਚਾਰ ਵੈਨ ਰਾਹੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਸੁਨੇਹਾ ਦਿੱਤਾ ਅਤੇ ਪਰਾਲੀ ਨੂੰ ਨਾ ਸਾੜਨ ਸਬੰਧੀ ਲਿਟਰੇਚਰ ਵੀ ਵੰਡਿਆ ਗਿਆ ।