ਅੰਮ੍ਰਿਤਸਰ:ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ (Jalandhar-Amritsar main road) ‘ਤੇ ਬਣੇ ਟੋਲ ਪਲਾਜ਼ਾ ਢਿੱਲਵਾਂ ਅਤੇ ਨਿਜਰਪੁਰਾ (Toll plaza Dhilawan and Nijarpura) ਦਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ (Deputy Commissioner Amritsar) ਹਰਪ੍ਰੀਤ ਸਿੰਘ ਸੂਦਨ ਅਤੇ ਐੱਨ.ਐੱਚ.ਏ. ਆਈ ਪ੍ਰੋਜੈਕਟ ਡਾਇਰੈਕਟਰ (NHAI Project Director) ਸੁਨੀਲ ਯਾਦਵ ਵੱਲੋਂ ਜੁਆਇੰਟ ਦੌਰਾ ਕੀਤਾ ਗਿਆ ਹੈ। ਇਸ ਮੌਕੇ ਚੈਕਿੰਗ ਦੌਰਾਨ ਟੋਲ ਪਲਾਜ਼ਾ ‘ਤੇ ਮੌਜੂਦ ਐਂਬੂਲੈਂਸ, ਲਾਈਟਾ, ਸਾਈਨ ਬੋਰਡ, ਕਰੇਨ, ਫਾਸਟੈਗ ਪ੍ਰਣਾਲੀ ਅਤੇ ਲੋਕਾਂ ਨਾਲ ਜੁੜੀਆਂ ਹੋਰ ਵੱਖ-ਵੱਖ ਸਹੂਲਤਾਂ ਸਬੰਧੀ ਜਾਂਚ ਕੀਤੀ ਗਈ। ਇਸ ਦੌਰਾਨ ਸਾਹਮਣੇ ਆਈਆਂ ਕਮੀਆਂ ਨੂੰ ਦੇਖਦੇ ਹੋਏ ਡੀ.ਸੀ. ਅੰਮ੍ਰਿਤਸਰ ਵੱਲੋਂ ਤੁਰੰਤ ਕਮੀਆਂ ਨੂੰ ਦੂਰ ਕਰਨ ਅਤੇ ਇਸ ਲਈ ਜ਼ਿੰਮੇਵਾਰ ਠੇਕੇਦਾਰ ਨੂੰ ਨਿਯਮਾਂ ਅਨੁਸਾਰ ਜੁਰਮਾਨਾ ਕਰਨ ਦੀ ਹਿਦਾਇਤ ਕੀਤੀ ਗਈ ਹੈ।
ਗੱਲਬਾਤ ਦੌਰਾਨ ਡੀ.ਸੀ. ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਐੱਨ.ਐੱਚ.ਏ.ਆਈ. ਪ੍ਰੋਜੈਕਟ ਡਾਇਰੈਕਟਰ ਨਾਲ ਸਾਂਝੇ ਤੌਰ ‘ਤੇ ਨੈਸ਼ਨਲ ਹਾਈਵੇ ਦੇ ਢਾਂਚੇ ਦੀ ਚੈਕਿੰਗ ਕਰਨ ਪੁੱਜੇ ਹਨ। ਇਸ ਬਾਰੇ ਉਨ੍ਹਾਂ ਨੂੰ ਲਗਾਤਾਰ ਜੋ ਸ਼ਿਕਾਇਤਾਂ ਮਿਲ ਰਹੀਆਂ ਸਨ, ਕਿ ਉਸ ‘ਚ ਸਰਵਿਸ ਰੋਡ ਸਹੀ ਢੰਗ ਨਾਲ ਨਾ ਬਣੀ ਹੋਣ ਕਾਰਨ ਟ੍ਰੈਫ਼ਿਕ ਦੀ ਸਮੱਸਿਆ ਦੇ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।