ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਐਤਵਾਰ ਨੂੰ ਇਕ ਕਿਤਾਬ ਜਾਰੀ ਕੀਤੀ ਗਈ ਜਿਸ ਵਿੱਚ ਬੱਬਰ ਖ਼ਾਲਸਾ ਅਤੇ ਹੋਰ ਸੰਗਠਨਾਂ ਦੇ ਸੰਘਰਸ਼ੀ ਯੋਧਿਆਂ ਦੇ ਇਤਿਹਾਸ ਬਾਰੇ ਲਿਖਿਆ ਗਿਆ ਹੈ। ਇਸ ਮੌਕੇ ਉੱਤੇ ਪਹੁੰਚੇ ਦਮਦਮੀ ਟਕਸਾਲ ਦੇ ਭਾਈ ਰਣਜੀਤ ਸਿੰਘ ਨੇ ਜਿੱਥੇ ਇਸ ਕਿਤਾਬ ਬਾਰੇ ਜਾਣਕਾਰੀ ਸਾਂਝੀ ਕੀਤੀ, ਉੱਥੇ ਹੀ, ਉਨ੍ਹਾਂ ਨੇ ਸੁਧੀਰ ਸੂਰੀ ਕਤਲ ਮਾਮਲੇ (Sudhir Suri Murder in Amritsar) ਵਿੱਚ ਕਿਹਾ ਕਿ ਉਸ ਨੇ ਆਪਣੀ ਮੌਤ ਆਪ ਸਹੇੜੀ ਹੈ ਅਤੇ ਹੁਣ ਜੋ ਪੁਲਿਸ ਸੰਦੀਪ ਸੰਨੀ ਦੇ ਜਾਣਕਾਰਾਂ ਨੂੰ ਫੜ੍ਹ ਰਹੀ, ਉਹ ਸਰਾਸਰ ਗ਼ਲਤ ਹੈ।
ਸੰਘਰਸ਼ੀ ਯੋਧਿਆਂ ਦੇ ਇਤਿਹਾਸ ਸਬੰਧੀ ਕਿਤਾਬ ਜਾਰੀ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਇਕ ਕਿਤਾਬ ਜਾਰੀ ਕੀਤੀ ਗਈ। ਇਹ ਕਿਤਾਬ ਭਾਈ ਕਰਮਜੀਤ ਸਿੰਘ ਸਿੱਖਾਂ ਵਾਲਾ ਵੱਲੋਂ ਲਿਖੀ ਗਈ ਹੈ। ਸੰਘਰਸ਼ ਦੇ ਦਿਨਾਂ ਦੇ ਇਸ ਕਿਤਾਬ ਵਿੱਚ ਬੱਬਰ ਖ਼ਾਲਸਾ ਅਤੇ ਹੋਰ ਸੰਗਠਨਾਂ ਦੇ ਸੰਘਰਸ਼ੀ ਯੋਧਿਆਂ ਦੇ ਇਤਿਹਾਸ ਲਿਖਿਆ ਗਿਆ ਹੈ।
ਇਸ ਬਾਰੇ ਗੱਲਬਾਤ ਕਰਦੇ ਹੋਏ ਦਮਦਮੀ ਟਕਸਾਲ ਦੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ਼ਿਕਾਰੀ ਕਦੇ ਸ਼ੇਰ ਦਾ ਇਤਿਹਾਸ ਜਾਂ ਗੁਣ ਨਹੀਂ ਲਿਖ ਸਕਦਾ, ਇਸ ਵਾਸਤੇ ਸ਼ੇਰ ਜਾਂ ਉਸ ਦੇ ਹਮਦਰਦ ਹੀ ਉਸ ਬਾਰੇ ਦੱਸ ਸਕਦੇ ਹਨ। ਸੰਘਰਸ਼ੀ ਯੋਧਿਆਂ ਦੀ ਤਸ਼ਬੀਹ ਸਿੰਘਾਂ ਨਾਲ ਸ਼ੇਰ ਨਾਲ ਕਰਦੇ ਹੋਏ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਕਿਤਾਬ ਵਿੱਚ ਭਾਈ ਕਰਮਜੀਤ ਸਿੰਘ ਸਿੱਖਾਂਵਾਲਾ ਵੱਲੋਂ ਸੰਘਰਸ਼ੀ ਯੋਧਿਆਂ ਨੂੰ ਉਨ੍ਹਾਂ ਦਾ ਇਤਿਹਾਸ ਦੱਸ ਕੇ ਸ਼ਰਧਾਂਜਲੀ ਦਿੱਤੀ ਗਈ ਹੈ।
"ਸੁਧੀਰ ਸੂਰੀ ਨੇ ਆਪਣੀ ਮੌਤ ਆਪ ਸਹੇੜੀ": ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸੰਦੀਪ ਸਿੰਘ ਸੰਨੀ ਕੇਸ ਵਿੱਚ ਪੁਲਿਸ ਵੱਲੋਂ ਸੰਦੀਪ ਸਿੰਘ ਸੰਨੀ ਅਤੇ ਉਸ ਦੇ ਜਾਣਕਾਰਾਂ ਦੇ ਖ਼ਿਲਾਫ਼ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ 'ਤੇ ਕੇਸ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਧੀਰ ਸੂਰੀ ਨੇ ਆਪਣੀ ਮੌਤ ਆਪ ਸਹੇੜੀ ਹੈ, ਕਿਉਂਕਿ ਉਹ ਸਿੱਖ ਧਰਮ ਬਾਰੇ ਅਤੇ ਸੰਘਰਸ਼ੀ ਯੋਧਿਆਂ ਵਾਸਤੇ ਗ਼ਲਤ ਅਤੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ (Sandeep Sunny in suri murder case) ਕਰਦਾ ਸੀ।