ਅੰਮ੍ਰਿਤਸਰ: ਦਲ ਖਾਲਸਾ ਵੱਲੋਂ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਪੰਜਾਬ ਦੀ ਖੁੱਸੀ ਪ੍ਰਭੂਸੱਤਾ ਨੂੰ ਮੁੜ ਹਾਸਿਲ ਕਰਨ ਹਿੱਤ ਭੰਡਾਰੀ ਪੁੱਲ 'ਤੇ ਰੈਲੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਵੰਬਰ 1984 ਦਿੱਲੀ 'ਚ ਨਸਲਕੁਸ਼ੀ ਦੇ ਸ਼ਿਕਾਰ ਸਿੱਖਾਂ ਦੀ ਯਾਦ ਵਿੱਚ ਭੰਡਾਰੀ ਪੁੱਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਮਸ਼ਾਲਾਂ ਬਾਲ ਕੇ ਮਾਰਚ ਕੀਤਾ ਜਾਵੇਗਾ।
ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ, ਦਰਕਿਨਾਰ ਕੀਤੀ ਬੋਲੀ, ਨਸਲਕੁਸ਼ੀ ਦੀ ਸ਼ਿਕਾਰ ਨੌਜਵਾਨੀ ਅਤੇ ਉਜਾੜੀ ਜਾ ਰਹੀ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਜਰੂਰੀ ਅਤੇ ਸਮੇਂ ਦੀ ਲੋੜ ਹੈ।
ਕਿਸਾਨ ਅੰਦੋਲਨ ਦਾ ਪੂਰਨ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਂ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਉਹ ਵੱਖ-ਵੱਖ ਥਾਵਾਂ ਉੱਤੇ ਚੱਲ ਰਹੇ ਧਰਨਿਆਂ ਤੇ ਮੁਜ਼ਹਾਰਿਆਂ ਵਿੱਚ ਹਿੱਸਾ ਲੈ ਰਹੇ ਹਨ।
ਦਲ ਖਾਲਸਾ 1 ਨਵੰਬਰ ਨੂੰ ਖੇਤੀ ਕਾਨੂੰਨਾਂ ਵਿਰੁੱਧ ਅਤੇ ਦਿੱਲੀ ਕਤਲੇਆਮ ਦੇ ਸ਼ਹੀਦਾਂ ਦੀ ਯਾਦ 'ਚ ਕੱਢੇਗਾ ਮਾਰਚ ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਭਵਿੱਖ ਬਾਰੇ ਕਿਹਾ ਕਿ ਇਹ 2004 ਦੌਰਾਨ ਕੈਪਟਨ ਦੀ ਸਰਕਾਰ ਵੱਲੋਂ ਪਾਣੀਆਂ ਦੇ ਐਕਟ ਵਾਂਗ ਇਹ ਵੀ ਕਾਨੂੰਨੀ ਝਮੇਲਿਆਂ ਵਿੱਚ ਉਲਝ ਕੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਅੰਤਿਮ ਜਿੱਤ ਲਈ ਪੰਜਾਬ ਦੇ ਲੋਕਾਂ ਨੂੰ ਲੜਾਈ ਸੜਕਾਂ 'ਤੇ ਹੀ ਲੜਨੀ ਪਵੇਗੀ।
ਸੁਖਬੀਰ ਬਾਦਲ ਵੱਲੋਂ 2022 'ਚ ਉਨ੍ਹਾਂ ਦੀ ਸਰਕਾਰ ਬਣਨ 'ਤੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਕੀਤੇ ਵਾਅਦੇ ਉੱਤੇ ਟਿਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਬਾਦਲ ਪਰਿਵਾਰ ਉਤੋਂ ਵਿਸ਼ਵਾਸ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ ਅਤੇ ਅਜਿਹੇ ਖੋਖਲੇ ਵਾਅਦਿਆਂ ਨਾਲ ਇਹ ਭਰੋਸਾ ਹੁਣ ਮੁੜ ਬੱਜਣ ਵਾਲਾ ਨਹੀਂ ਹੈ। ਉਨ੍ਹਾਂ ਚੇਤੇ ਕਰਵਾਉਂਦਿਆਂ ਦੱਸਿਆ ਕਿ ਬਾਦਲ ਪਾਰਟੀ ਨੇ 2004 ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਦਰਿਆਈ ਪਾਣੀਆਂ ਸਬੰਧੀ ਸਾਰੇ ਸਮਝੌਤੇ ਰੱਦ ਕਰਨ ਵਾਲੇ ਐਕਟ ਦੀ ਧਾਰਾ 5 ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਪਾਰਟੀ ਨੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਹੈ।