ਅੱਜ ਦਾ ਮੁੱਖਵਾਕ
Daily Hukamnama 7 April : ਸ਼ੁੱਕਰਵਾਰ, ੨੫ ਚੇਤ, ੭ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਪੰਜਾਬੀ ਵਿਆਖਿਆ -
ਸਲੋਕ ਮਃ ੪ ॥ ਸਤਿਗੁਰੂ ਦੀ ਦੱਸੀ ਹੋਈ ਕਾਰ ਜਾਂ ਸੇਵਾ ਕਰਨ ਤੋਂ ਬਿਨਾਂ ਹੋਰ ਜਿੰਨੇ ਕੰਮ ਜੀਵ ਕਰਦੇ ਹਨ, ਉਹ ਉਨ੍ਹਾਂ ਲਈ ਬੰਧਨ ਬਣਦੇ ਹਨ। ਭਾਵ, ਉਹ ਕਰਮ ਹੋਰ ਵਧੀਕ ਮਾਇਆ ਦੇ ਮੋਹ ਵਿੱਚ ਫ਼ਸਾਉਂਦੇ ਹਨ। ਸਤਿਗੁਰੂ ਦੀ ਸੇਵਾ ਤੋਂ ਬਿਨਾਂ ਕੋਈ ਹੋਰ ਆਸਰਾ ਜੀਵਾਂ ਨੂੰ ਨਹੀਂ ਮਿਲਦਾ ਹੈ ਅਤੇ ਇਸ ਕਰ ਕੇ ਮਰਦੇ ਅਤੇ ਜੰਮਦੇ ਰਹਿੰਦੇ ਹਨ। ਇਸ ਮਰਨ ਜੰਮਣ ਦੇ ਗੇੜ ਵਿੱਚ ਫਸ ਜਾਂਦੇ ਹਨ। ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਵਿੱਖੇ ਬੋਲ ਬੋਲਦਾ ਹੈ। ਮਨੁੱਖ ਦੇ ਹਿਰਦੇ ਵਿੱਚ ਨਾਮ ਨਹੀਂ ਵੱਸਦਾ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਹੇ ਨਾਨਕ, ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜੀਵ ਮੰਨੋ ਜਮਪੁਰੀ ਵਿੱਚ ਅੱਧੇ ਮਰੀਦੇ ਹਨ ਅਤੇ ਤੁਰਨ ਵੇਲ੍ਹੇ ਜੱਗ ਤੋਂ ਮੁਕਾਲਖ ਖੱਟ ਕੇ ਜਾਂਦੇ ਹਨ।੧।
ਕਈ ਮਨੁੱਖ ਸਤਿਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਕਰਦੇ ਹਨ ਤੇ ਉਨ੍ਹਾਂ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਬਣ ਜਾਂਦਾ ਹੈ। ਹੇ ਨਾਨਕ, ਉਹ ਆਪਣਾ ਮਨੁੱਖੀ ਜਨਮ ਸਵਾਰ ਲੈਂਦੇ ਹਨ, ਸਫ਼ਲਾ ਕਰ ਲੈਂਦੇ ਹਨ। ਆਪਣੀ ਕੁਲ ਵੀ ਭਾਰ ਲੈਂਦੇ ਹਨ।੨।
ਪ੍ਰਭੂ ਆਪ ਹੀ ਸਕੂਲ ਹੈ, ਆਪ ਹੀ ਉਸਤਾਦ ਤੇ ਮਾਸਟਰ ਹੈ, ਅਤੇ ਆਪ ਹੀ ਸਭ ਨੂੰ ਪੜ੍ਹਨ ਲਈ ਲਿਆਉਂਦਾ ਹੈ। ਆਪ ਹੀ ਮਾਤਾ ਪਿਤਾ ਹੈ ਅਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ। ਇਕ ਥਾਂ ਸਭ ਕੁਝ ਪੜ੍ਹ ਕੇ ਆਪ ਹੀ ਸਮਝਦਾ ਹੈ ਅਤੇ ਇਕ ਥਾਂ ਉੱਤੇ ਆਪ ਹੀ ਬਾਲਕਾਂ ਨੂੰ ਵਿਦਵਾਨ ਬਣਾ ਦਿੰਦਾ ਹੈ। ਹੇ ਸੱਚੇ ਹਰਿ, ਜਦੋਂ ਆਪ ਤੇਰੇ ਮਨ ਵਿੱਚ ਬੋਲ ਚੰਗੇ ਲੱਗਦੇ ਹਨ, ਤਾਂ ਤੂੰ ਇਨ੍ਹਾਂ ਨੂੰ ਆਪਣੇ ਮਹਿਲ ਵਿੱਚ ਧੁਰ ਅੰਦਰ ਬੁਲਾ ਲੈਂਦਾ ਹੈ, ਜਿਨ੍ਹਾਂ ਗੁਰਮੁਖਾਂ ਨੂੰ ਆਪ ਆਦਰ ਦਿੰਦਾ ਹੈ, ਉਹ ਸੱਚੀ ਦਰਗਾਹ ਵਿੱਚ ਪ੍ਰਗਟ ਹੋ ਜਾਂਦੇ ਹਨ।੧।
ਇਹ ਵੀ ਪੜ੍ਹੋ:World Health Day 2023: ਜਾਣੋ, ਇਸਦਾ ਇਤਿਹਾਸ ਅਤੇ ਇਸ ਸਾਲ ਦਾ ਥੀਮ