ਪੰਜਾਬੀ ਵਿਆਖਿਆ:ਸਲੋਕੁ ਮਃ ੩ ॥ ਮੋਹ-ਰੂਪ ਉਧਾਰੇ ਦੇ ਦੱਬੇ ਹੋਏ, ਹੇ ਭਾਈ, ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਹੈ। ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਅਤੇ ਨਾ ਹੀ ਹਿਰਦੇ ਵਿੱਚ ਨਾਮ ਜਪਣ ਦਾ ਚਾਉ ਉਪਜਿਆ ਹੈ। ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ ਦੱਸੀ ਹੋਈ ਕਾਰ ਜਾਂ ਸੇਵਾ ਨਹੀਂ ਕਰਦਾ। ਇਸ ਤਰ੍ਹਾਂ ਦਾ ਸੰਸਾਰ ਮੈਂ ਹਉਮੈ ਵਿੱਚ ਅਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ।
ਹੇ ਨਾਨਕ, ਗੁਰੂ ਦੇ ਸ਼ਬਦ ਦੇ ਰਾਹੀਂ ਸੱਚੇ ਹਰੀ ਨੂੰ ਮਨ ਵਿੱਚ ਸਿਮਰ ਕੇ ਜੀਵ ਸਤਿਗੁਰੂ ਦੀ ਸ਼ਰਨ ਪੈ ਕੇ ਇਸ ਹਉਮੈ ਵਿੱਚ ਸੜਨ ਤੋਂ ਬਚਦੇ ਹਨ।੧। ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿੱਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ, ਉਹ ਜੀਵ-ਰੂਪੀ ਨਾਰੀ ਸੋਭਾਵੰਤੀ ਹੈ। ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿੱਚ ਸਦਾ ਤੁਰਦੀ ਹੈ। ਇਸ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ। ਜਿਸ ਜੀਵ-ਇਸਤਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ ਹਿਰਦੇ ਰੂਪ ਸੋਜ ਸੁੰਦਰ ਹੈ, ਕਿਉਂਕਿ ਉਸ ਨੂੰ ਪ੍ਰਮਾਤਮਾ ਰੂਪੀ ਪਤੀ ਸਦਾ ਮਿਲਿਆ ਹੋਇਆ ਹੈ। ਉਹ ਇਸਤਰੀ ਸਦਾ ਸੁਹਾਗਣ ਹੈ, ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, ਇਸ ਲਈ ਉਹ ਕਦੇ ਦੁਖੀ ਨਹੀਂ ਹੁੰਦੀ।