ਵਿਆਖਿਆ: ਸੋਰਠਿ ਮਹਲਾ ਪਹਿਲਾ।।ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲ੍ਹਾ ਫੜ੍ਹਿਆ ਹੈ, ਹੇ ਸੱਜਣ, ਉਨ੍ਹਾਂ ਦੇ ਸੰਗੀ-ਸਾਥੀ ਵੀ ਪਾਰ ਲੰਘ ਜਾਂਦੇ ਹਨ। ਜਿਨ੍ਹਾਂ ਦੀ ਜੀਭ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਚੱਖਦੀ ਹੈ, ਉਨ੍ਹਾਂ ਦੇ ਜੀਵਨ ਸਫ਼ਰ ਵਿੱਚ ਵਿਕਾਰ ਆਦਿ ਦੀ ਰੁਕਾਵਟ ਨਹੀਂ ਪੈਂਦੀ। ਹੇ ਸੱਜਣ, ਜਿਹੜੇ ਮਨੁੱਖ ਪ੍ਰਮਾਤਮਾ ਦੇ ਡਰ-ਅਦਬ ਤੋਂ ਸੱਖਣੇ ਰਹਿੰਦੇ ਹਨ, ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਅਤੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਪਰ ਜਦੋਂ ਪ੍ਰਮਾਤਮਾ ਮਿਹਰ ਦੀ ਨਿਗ੍ਹਾਂ ਕਰਦਾ ਹੈ, ਤਾਂ ਉਨ੍ਹਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ।੧।
ਹੇ ਸੱਜਣ-ਪ੍ਰਭੂ, ਸਦਾ ਮੈਨੂੰ ਹੀ ਸਲਾਹੁਣਾ ਚਾਹੀਦਾ ਹੈ। ਸਦਾ ਤੇਰੀ ਹੀ ਸਿਫਤਿ-ਸਾਲਾਹਿ ਕਰਨੀ ਚਾਹੀਦੀ ਹੈ। ਇਹ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ ਜਹਾਜ਼ ਹੈ, ਇਸ ਜਹਾਜ਼ ਤੋਂ ਬਿਨਾਂ ਭਉ-ਸਾਗਰ ਵਿੱਚ ਡੁੱਬ ਜਾਂਦਾ ਹੈ। ਕੋਈ ਵੀ ਜੀਵ ਸਮੁੰਦਰ ਦਾ ਪਰਲਾ ਕੰਢਾ ਨਹੀਂ ਲੱਭ ਨਹੀਂ ਸਕਦਾ। ਰਹਾਉ। ਹੇ ਸੱਜਣ, ਸਾਲਾਹੁਣਯੋਗ ਪ੍ਰਮਾਤਮਾ ਦੀ ਸਿਫਤਿ-ਸਾਲਾਹਿ ਕਰਨੀ ਚਾਹੀਦੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ, ਉਹ ਭਾਗਂ ਵਾਲੇ ਹੁੰਦੇ ਹਨ। ਗੁਰੂ ਦੇ ਸ਼ਬਦ ਵਿੱਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪ੍ਰਮਾਤਮਾ ਦਾ ਪ੍ਰੇਮ ਰੰਗ ਚੜ੍ਹਦਾ ਹੈ। ਅਜਿਹੇ ਬੰਦੇ ਦੀ ਸੰਗਤਿ ਜੇ ਕਿਸੇ ਨੂੰ ਪ੍ਰਾਪਤ ਹੋ ਜਾਵੇ ਤਾਂ ਉਹ ਹਰਿ ਨਾਮ ਦਾ ਰਸ ਲੈਂਦਾ ਹੈ। ਨਾਮ ਰੂਪ ਨੂੰ ਵਿਸਾਰ ਕੇ ਉਹ ਜਗਤ ਮੂਲ-ਪ੍ਰਭੂ ਨੂੰ ਮਿਲ ਪੈਂਦਾ ਹੈ।੨।
ਹੇ ਭਾਈ। ਸਦਾ-ਥਿਰ ਰਹਿਣ ਵਾਲੇ ਗੁਰੂ ਦਾ ਨਾਮ ਪ੍ਰਭੂ-ਪਤੀ ਨੂੰ ਮਿਲਣ ਵਾਸਤੇ ਇਸ ਜੀਵਨ-ਸਫ਼ਰ ਵਿੱਚ ਰਾਹਦਾਰੀ ਹੈ। ਇਹ ਨਾਮ ਸਦਾ-ਥਿਰ ਰਹਿਣ ਵਾਲੀ ਮੋਹਰ ਹੈ। ਪ੍ਰਭੂ ਦਾ ਇਹੀ ਹੁਕਮ ਹੈ ਕਿ ਜਗਤ ਵਿਚ ਜੋ ਵੀ ਆਇਆ ਹੈ ਉਸ ਨੇ ਪ੍ਰਭੂ ਨੂੰ ਮਿਲਣ ਲਈ ਇਹ ਨਾਮ-ਰੂਪ ਰਾਹਦਾਰੀ ਲਿਖ ਕੇ ਆਪਣੇ ਨਾਲ ਲੈ ਜਾਣੀ ਹੈ। ਹੇ ਭਾਈ, ਪ੍ਰਭੂ ਦੇ ਇਸ ਹੁਕਮ ਨੂੰ ਸਮਝ, ਪਰ ਇਸ ਹੁਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਨ ਪੈਣਾ ਪਵੇਗਾ। ਗੁਰੂ ਤੋਂ ਬਿਨਾਂ ਪ੍ਰਭੂ ਦਾ ਹੁਕਮ ਨਹੀਂ ਸਮਝਿਆ ਜਾ ਸਕਦਾ।
ਹੇ ਭਾਈ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ, ਵਿਕਾਰਾਂ ਦਾ ਟਾਕਰਾ ਕਰਨ ਲਈ ਉਸ ਨੂੰ ਸਦਾ-ਥਿਰ ਪ੍ਰਭੂ ਦਾ ਸਦਾ-ਸਥਿਰ ਬਲ ਹਾਸਿਲ ਹੋ ਜਾਂਦਾ ਹੈ।੩। ਹੇ ਭਾਈ, ਜੀਵ ਪ੍ਰਮਾਤਮਾ ਦੇ ਹੁਕਮ ਅਨੁਸਾਰ ਪਹਿਲਾਂ ਮਾਤਾ ਦੇ ਗਰਭ ਵਿੱਚ ਟਿੱਕਦਾ ਹੈ, ਅਤੇ ਮਾਂ ਦੇ ਪੇਟ ਵਿੱਚ ਦਸ ਮਹੀਨੇ ਨਿਵਾਸ ਰੱਖਦਾ ਹੈ। ਪੁੱਠਾ ਸਿਰ ਭਾਰ ਰਹਿ ਕੇ ਪ੍ਰਭੂ 'ਹੁਕਮ ਅਨੁਸਾਰ ਹੀ ਫਿਰ ਜਨਮ ਲੈਂਦਾ ਹੈ। ਕਿਸੇ ਖ਼ਾਸ ਜੀਵਨ-ਮਨੋਰਥ ਲਈ ਜੀਵ ਜਗਤ ਵਿੱਚ ਆਉਂਦਾ ਹੈ, ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ-ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ, ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ।੪।