ਪੰਜਾਬ

punjab

ETV Bharat / state

Daily Hukamnama 2 June: ੧੯ ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ - Amritsar

Daily Hukamnama 2 June, 2023 : 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ 'ਚ ਹੁਕਮਨਾਮਾ ਉਹ ਲਿਖ਼ਤੀ ਸੰਦੇਸ਼ ਜਾਂ ਹੁਕਮ ਹੈ ਜਿਸ ਨੂੰ ਮੰਨਣਾ ਲਾਜ਼ਮੀ ਹੈ। ਇਸ ਦੇ ਲਿਖ਼ਤ ਸਰੂਪ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ ਹੈ।

Hukamnama, Amrit Wele Da Hukamnama, Golden Temple, Amritsar
Hukamnama

By

Published : Jun 2, 2023, 6:21 AM IST

੧੯ ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ



ਅੱਜ ਦਾ ਮੁੱਖਵਾਕ-
ਸਲੋਕੁ ਮ: ੩ ॥

ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥ ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥ ਅੰਦਰਿ ਸਹਜੁ ਨ ਆਇਓ ਸਹਜੇ ਹੀ ਲੈ ਖਾਇ ॥ ਮਨਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥ ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ ॥ ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ ॥ ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥ ਨਾਨਕ ਜੋ ਤਿਸੁ ਭਾਵਹਿ ਸੇ ਭਲੇ ਜਿਨ ਕੀ ਪਤਿ ਪਾਵਹਿ ਥਾਇ ॥੧॥ ਮ: ੩॥ ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥ ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥ ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥ ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ॥ ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ ॥ ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥ ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ ॥ ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ ॥੨॥ ਪਉੜੀ ॥ ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥ ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ ॥ ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ ॥ ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ ॥ ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥ਸ਼ੁੱਕਰਵਾਰ, ੧੯ ਜੇਠ (ਸੰਮਤ ੫੫੫ ਨਾਨਕਸ਼ਾਹੀ) ੨ ਜੂਨ, ੨੦੨੩ (ਅੰਗ: ੫੮੬)


ਪੰਜਾਬੀ ਵਿਆਖਿਆ:-ਸਲੋਕੁ ਮ: ੩ ॥

ਗੁਰੂ ਨੂੰ ਮਿਲਿਆਂ ਹੀ ਮਨੁੱਖ ਦੇ ਮਨ ਦੀ ਭੁੱਖ ਦੂਰ ਹੋ ਸਕਦੀ ਹੈ, ਭੇਖਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ; ਭੇਖੀ ਸਾਧੂ ਤ੍ਰਿਸ਼ਨਾ ਦੇ ਦੁੱਖ ਵਿਚ ਕਲਪਦਾ ਹੈ, ਘਰ ਘਰ ਭਟਕਦਾ ਫਿਰਦਾ ਹੈ ਤੇ ਪਰਲੋਕ ਵਿਚ ਇਸ ਨਾਲੋਂ ਭੀ ਵਧੀਕ ਸਜ਼ਾ ਭੁਗਤਦਾ ਹੈ। ਭੇਖੀ ਸਾਧੂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਜਿਸ ਸ਼ਾਂਤੀ ਦੀ ਬਰਕਤਿ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ, ਲੈ ਕੇ ਖਾ ਲਏ ਭਾਵ ਤ੍ਰਿਪਤ ਹੋ ਜਾਏ; ਪਰ ਮਨ ਦੇ ਹਠ ਦੇ ਆਸਰੇ ਭਿੱਖਿਆ ਮੰਗਿਆਂ ਦੋਹੀ ਧਿਰੀਂ ਕਲੇਸ਼ ਪੈਦਾ ਕਰ ਕੇ ਹੀ ਭਿੱਖਿਆ ਲਈਦੀ ਹੈ। ਇਸ ਭੇਖ ਨਾਲੋਂ ਗ੍ਰਹਿਸਥ ਚੰਗਾ ਹੈ, ਕਿਉਂਕਿ ਇਥੋਂ ਮਨੁੱਖ ਆਪਣੀ ਆਸ ਪੂਰੀ ਕਰ ਸਕਦਾ ਹੈ। ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੱਤੇ ਜਾਂਦੇ ਹਨ, ਉਹਨਾਂ ਨੂੰ ਉੱਚੀ ਸੂਝ ਪ੍ਰਾਪਤ ਹੁੰਦੀ ਹੈ; ਪਰ, ਜੋ ਮਨੁੱਖ ਮਾਇਆ ਵਿਚ ਫਸੇ ਰਹਿੰਦੇ ਹਨ, ਉਹ ਭਟਕਦੇ ਹਨ। ਇਸ ਬਾਰੇ ਕਿ ਕੋਈ ਚੰਗੇ ਰਾਹ ਪਿਆ ਹੈ ਤੇ ਕੋਈ ਮੰਦੇ ਪਾਸੇ, ਕੁਝ ਆਖਿਆ ਨਹੀਂ ਜਾ ਸਕਦਾ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਾਰ ਕਮਾਉਣੀ ਪੈਂਦੀ ਹੈ।

ਹੇ ਨਾਨਕ, ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ, ਕਿਉਂਕਿ, ਹੇ ਪ੍ਰਭੂ! ਤੂੰ ਉਹਨਾਂ ਦੀ ਇੱਜ਼ਤ ਥਾਂਇ ਪਾਉਂਦਾ ਹੈ ਭਾਵ, ਲਾਜ ਰੱਖਦਾ ਹੈ।੧। ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਸਦਾ ਸੁੱਖ ਮਿਲਦਾ ਹੈ, ਸਾਰੀ ਉਮਰ ਦਾ ਦੁੱਖ ਦੂਰ ਹੋ ਜਾਂਦਾ ਹੈ; ਉੱਕਾ ਹੀ ਚਿੰਤਾ ਨਹੀਂ ਰਹਿੰਦੀ, ਕਿਉਂਕਿ ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿਚ ਆ ਵੱਸਦਾ ਹੈ। ਮਨੁੱਖ ਦੇ ਅੰਦਰ ਹੀ ਗਿਆਨ-ਰੂਪ ਤੀਰਥ ਹੈ। ਜਿਸ ਮਨੁੱਖ ਨੂੰ ਸਤਿਗੁਰੂ ਨੇ ਇਸ ਤੀਰਥ ਦੀ ਸਮਝ ਬਖ਼ਸ਼ੀ ਹੈ ਉਹ ਮਨੁੱਖ ਨਾਮ-ਅੰਮ੍ਰਿਤ ਦੇ ਸਰੋਵਰ ਵਿਚ, ਅੰਮ੍ਰਿਤ ਦੇ ਤੀਰਥ ਤੇ ਨ੍ਹਾਉਂਦਾ ਹੈ, ਤੇ ਉਸ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਸਤਿਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਸੁਤੇ ਹੀ ਸਤਸੰਗੀ ਸਤਸੰਗੀਆਂ ਨੂੰ ਮਿਲਦੇ ਹਨ। ਸਤਸੰਗ ਦੀ ਰਾਹੀਂ ਪ੍ਰਭੂ ਵਿਚ ਬਿਰਤੀ ਜੋੜ ਕੇ, ਹਿਰਦੇ-ਰੂਪ ਘਰ ਵਿਚ ਉਹਨਾਂ ਨੂੰ ਪ੍ਰਭੂ-ਸਿਮਰਨ ਰੂਪ ਆਹਰ ਮਿਲ ਜਾਂਦਾ ਹੈ। ਪਰ, ਪਖੰਡ ਕੀਤਿਆਂ ਮੌਤ ਦਾ ਸਹਮ ਨਹੀਂ ਛੱਡਦਾ, ਪਖੰਡ ਦੀ ਇੱਜ਼ਤ ਮਿਟਾ ਕੇ ਮੌਤ ਇਸ ਨੂੰ ਲੈ ਤੁਰਦੀ ਹੈ। ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ, ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਇਸ ਸਹਮ ਤੋਂ ਬਚ ਜਾਂਦੇ ਹਨ।੨।


ਹੇ ਭਾਈ, ਉਸ ਸਤਸੰਗ ਵਿਚ ਜਾ ਕੇ ਬੈਠੋ, ਜਿਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੈ, ਉਥੇ ਜਾ ਕੇ ਮਨ ਟਿਕਾ ਕੇ ਹਰੀ ਦਾ ਨਾਮ ਜਪੋ, ਤਾਂ ਜੋ ਨਾਮ-ਤੱਤ ਖੁੱਸ ਨਾਹ ਜਾਏ। ਸਤਸੰਗ ਵਿਚ ਸਦਾ ਦਿਨ ਰਾਤ ਹਰੀ ਦਾ ਨਾਮ ਜਪੋ, ਇਹ ਨਾਮ-ਰੂਪ ਢੋਆ ਲੈ ਕੇ ਹੀ ਪ੍ਰਭੂ ਦੀ ਹਜ਼ੂਰੀ ਵਿਚ ਅੱਪੜੀਦਾ ਹੈ। ਪਰ ਸਤਸੰਗ ਵਿਚ ਵੀ ਉਸੇ ਮਨੁੱਖ ਨੂੰ ਪੂਰਾ ਗੁਰੂ ਲੱਭਦਾ ਹੈ, ਜਿਸ ਦੇ ਮੱਥੇ ਉਤੇ ਧੁਰੋਂ ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਲਿਖਿਆ ਹੋਇਆ ਹੈ। ਹੇ ਭਾਈ! ਸਾਰੇ ਉਸ ਗੁਰੂ ਨੂੰ ਸਿਰ ਨਿਵਾਓ ਜੋ ਸਦਾ ਪ੍ਰਭੂ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਕਰਦਾ ਹੈ।੪।(ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)

ABOUT THE AUTHOR

...view details