ਅੱਜ ਦਾ ਮੁੱਖਵਾਕ:ਸੋਰਠਿ ਮਹਲਾ ੫ ਘਰੁ ੧ ਤਿਤੁਕੇ ੴ ਸਤਿਗੁਰ ਪ੍ਰਸਾਦਿ ॥ ਕਿਸ ਹਉ ਜਾਚੀ ਕਿਸੁ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥ ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥ ਹਰਿ ਜੀਉ ਤੇਰੀ ਦਾਤੀ ਰਾਜਾ ॥ ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥ ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੁਖ ਗਵਾਈ ॥ ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ ॥ ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ ॥੨॥ ਮਨ ਨਾਮੁ ਜਪਿ ਨਾਮੁ ਆਰਾਧਿ ਅਨਦਿਨੁ ਨਾਮੁ ਵਖਾਣੀ ॥ ਉਪਦੇਸੁ ਸੁਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਸਮਾਣੀ ॥ ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ ॥੩॥ ਕੀਮਤਿ ਕਉਣੁ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ॥ ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥ ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉਂ ਪਿਤਾ ਕਿਰਪਾਲਾ ॥੪॥੧॥
ਸੋਮਵਾਰ, ੧੮ ਵੈਸਾਖ (ਸੰਮਤ ੫੫੫ ਨਾਨਕਸ਼ਾਹੀ) ੧ ਮਈ, ੨੦੨੩ (ਅੰਗ: ੬੦੮)
ਪੰਜਾਬੀ ਵਿਆਖਿਆ:ਸੋਰਠਿ ਮਹਲਾ ੫ ਘਰੁ ੧ ਤਿਤੁਕੇ, ੴ ਸਤਿਗੁਰ ਪ੍ਰਸਾਦਿ॥ ਹੇ ਭਾਈ, ਜਦੋਂ ਹਰੇਕ ਜੀਵ ਪ੍ਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ, ਤਾਂ ਉਸ ਕਰਤਾਰ ਨੂੰ ਛੱਡ ਕੇ ਮੈਂ ਹੋਰ ਕਿਸ ਪਾਸੋਂ ਕੁਝ ਮੰਗਾਂ? ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ? ਜਿਹੜਾ ਵੀ ਕੋਈ ਵੱਡਾ ਜਾਂ ਧਨਾਢ ਮਨੁੱਖ ਦਿੱਸਦਾ ਹੈ, ਹਰੇਕ ਨੇ ਮਰ ਕੇ ਮਿੱਟੀ ਵਿੱਚ ਰਲ ਜਾਣਾ ਹੈ। ਇਕ ਪ੍ਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ। ਹੇ ਭਾਈ, ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖ਼ਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ, ਤੇ, ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਹੈ।੧।