ਅੰਮ੍ਰਿਤਸਰ: ਇੱਥੋਂ ਦੇ ਸਿਵਲ ਹਸਪਤਾਲ ਵਿੱਚ ਕੋਵਿਡ 19 ਟੀਕਾਕਰਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੈਬਿਨੇਟ ਮੰਤਰੀ ਓਮ ਪ੍ਰਕਾਸ ਸੋਨੀ ਨੇ ਕੀਤੀ। ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ ਅਤੇ ਇਸ ਮਹਾਂਮਾਰੀ ਉੱਤੇ ਕਾਬੂ ਪਾਉਣ ਲਈ ਵੈਕਸੀਨ ਦੀਆਂ 20 ਹਜ਼ਾਰ ਤੋਂ ਵੱਧ ਖੁਰਾਕਾਂ ਜ਼ਿਲ੍ਹੇ ਨੂੰ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਵਿੱਚ 3 ਸਥਾਨਾਂ ਉੱਤੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਹੈ। ਸਿਵਲ ਹਸਪਤਾਲ, ਮੈਡੀਕਲ ਕਾਲਜ ਅਤੇ ਸੀਐਚਸੀ ਵੇਰਕਾ। ਅੱਜ ਇਨ੍ਹਾਂ ਸਥਾਨਾਂ ਉੱਤੇ 300 ਦੇ ਕਰੀਬ ਸਿਹਤ ਕਾਮਿਆਂ ਦਾ ਟੀਕਾਕਰਨ ਕੀਤਾ।
ਗੁਰਦਾਸਪੁਰ:ਬਟਾਲਾ ਦੇ ਸਿਵਲ ਹਸਪਤਾਲ ਵਿੱਚ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਕਰਨ ਲਈ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪਹੁੰਚੇ। ਬਟਾਲਾ ਵਿੱਚ ਕੋਵਿਡ ਟੀਕਾ ਸਭ ਤੋਂ ਪਹਿਲਾਂ ਡਾ. ਸਤਨਾਮ ਸਿੰਘ ਨੇ ਲਗਾਇਆ। ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਕੋਰੋਨਾ ਲਾਗ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਪੰਜਾਬ ਵਿੱਚ ਕੋਰੋਨਾ ਵੈਕਸੀਨ ਦੀ ਢਾਈ ਲੱਖ ਦੇ ਕਰੀਬ ਪਹਿਲੀ ਖੇਪ ਪਹੁੰਚ ਚੁੱਕੀ ਹੈ। ਟੀਕਾਕਰਨ ਕਰਨ ਲਈ 1 ਲੱਖ 68 ਹਜ਼ਾਰ ਦੇ ਕਰੀਬ ਲੋਕ ਰਜਿਸਟਰਡ ਹੋ ਚੁੱਕੇ ਹਨ। ਰੋਜ਼ਾਨਾ 40 ਹਜ਼ਾਰ ਵੈਕਸੀਨ ਦੇ ਟੀਕੇ ਲਗਾਏ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਦੂਜੇ ਪੜਾਅ ਵਿੱਚ ਸ਼ਾਮਲ ਕੋਰੋਨਾ ਜੋਧਾ ਪੰਜਾਬ ਪੁਲਿਸ ਅਤੇ ਆਮ ਜਨਤਾ ਨੂੰ ਵੀ ਇਹ ਵੈਕਸੀਨ ਲਗਾਈ ਜਾਵੇਗੀ।
ਫ਼ਿਰੋਜ਼ਪੁਰ:ਕੋਰੋਨਾ ਲਾਗ਼ ਨੇ ਭਾਰਤ ਵਿੱਚ ਆਪਣੇ ਪੈਰ ਫੈਲਾਉਂਦੇ ਹੋਏ ਕਈ ਘਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ। ਇਸ ਮਹਾਂਮਾਰੀ ਉੱਤੇ ਜਿੱਤ ਪ੍ਰਾਪਤ ਕਰਨ ਲਈ ਵੱਖ-ਵੱਖ ਦੇਸ਼ਾਂ ਵੱਲੋਂ ਕੰਮ ਕੀਤਾ ਜਾ ਰਿਹਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ੀਰਾ ਤੋਂ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਨੇ ਟੀਕਾਕਰਨ ਦੀ ਸ਼ੁਰੂਆਤ ਕਰਨ ਵੇਲੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਯਾਨੀ 16 ਜਨਵਰੀ ਨੂੰ ਪੂਰੇ ਭਾਰਤ ਵਿੱਚ 3 ਲੱਖ ਦੇ ਕਰੀਬ ਕੋਰੋਨਾ ਯੋਧਿਆਂ ਨੂੰ ਵੈਕਸੀਨ ਦੇ ਟੀਕੇ ਲਗਾਏ।