ਅੰਮ੍ਰਿਤਸਰ: ਕੋਰੋਨਾ ਦੌਰ ਦੇ ਦੌਰਾਨ ਮਨੁੱਖਤਾ ਇੱਕ ਵੱਡੇ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਰਾਸ਼ਨ ਅਤੇ ਹੋਰ ਜ਼ਰੂਰੀ ਵਸਤੂਆਂ ਲਈ ਜੂਝ ਰਹੇ ਹਨ। ਲੋੜਵੰਦ ਪਰਿਵਾਰ ਬੇਰੁਜ਼ਗਾਰੀ ਕਾਰਨ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ ਹੋ ਗਏ ਸਨ। ਇਸ ਦੌਰਾਨ ਸਰਕਾਰ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਇਨ੍ਹਾਂ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ। ਇਨ੍ਹਾਂ ਸੰਸਥਾਵਾਂ ਵਿੱਚੋਂ ਹੀ ਇੱਕ ਹੈ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ' ਜੋ ਹਰ ਸਮੇਂ ਲੋੜਵੰਦ ਅਤੇ ਬੇਸਹਾਰਾਂ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ।
ਲੋੜਵੰਦ ਪਰਿਵਾਰਾਂ ਦਾ ਮਸੀਹਾ ਬਣਿਆਂ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ' - Dr. SP Oberoi
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅੰਮ੍ਰਿਤਸਰ ਤੇ ਮਜੀਠਾ ਇਲਾਕੇ ਦੇ 1900 ਪਰਿਵਾਰਾਂ ਵਿੱਚ ਕੋਰੋਨਾ ਸੰਕਟ ਦੇ ਦੌਰਾਨ ਸੁੱਕਾ ਰਾਸ਼ਨ ਪਹੁੰਚਾ ਰਹੀ ਹੈ। ਸੰਸਥਾ ਵੱਲੋਂ ਲੋੜਵੰਦ ਲੋਕਾਂ ਦੀ ਪਹਿਚਾਣ ਕਰਕੇ ਵੱਡੇ ਪਰਿਵਾਰ ਲਈ 20.5 ਕਿਲੋ ਅਤੇ ਛੋਟੇ ਪਰਿਵਾਰ ਲਈ 15.5 ਕਿਲੋ ਰਾਸ਼ਨ ਕਿੱਟਾਂ ਵੰਡੀਆਂ ਜਾਣਗੀਆਂ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੋਰੋਨਾ ਸਕੰਟ ਦੇ ਦੌਰ ਵਿੱਚ ਵੀ ਲੋੜਵੰਦ ਪਰਿਵਾਰਾਂ ਲਈ ਸੁੱਕੇ ਰਾਸ਼ਨ ਦਾ ਪ੍ਰਬੰਧ ਕਰ ਰਹੀ ਹੈ। ਸੰਸਥਾ ਹੁਣ ਇਸ ਦੇ ਤੀਜੇ ਪੜਾਅ ਦੇ ਦੌਰਾਨ ਪੰਜਾਬ , ਹਿਮਾਚਲ, ਜੰਮੂ ਤੇ ਕਸ਼ਮੀਰ, ਰਾਜਸਥਾਨ ਵਿੱਚ 60 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਸੁੱਕਾ ਰਾਸ਼ਨ ਮੁਹੱਈਆ ਕਰਵਾਏਗੀ। ਇਸ ਦੀ ਜਾਣਕਾਰੀ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਐੱਸਪੀ ਓਬਰਾਏ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ।
ਡਾ. ਓਬਰਾਏ ਨੇ ਦੱਸਿਆ ਕਿ ਵੱਡੇੇ ਪਰਿਵਾਰਾਂ ਨੂੰ 20.5 ਕਿਲੋ ਅਤੇ ਛੋਟੇ ਪਰਿਵਾਰਾਂ ਨੂੰ 15.5 ਕਿਲੋ ਦੇ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਵਿੱਚ ਗ੍ਰੰਥੀ, ਢਾਡੀ ਅਤੇ ਕਵੀਸ਼ਰੀ ਸਿੰਘਾਂ ਦੇ ਪਰਿਵਾਰ ਅਤੇ ਕਿੰਨਰ ਭਾਈਚਾਰੇ ਸਮੇਤ ਹਰ ਲੋੜਵੰਦ ਪਰਿਵਾਰ ਤੱਕ ਇਹ ਰਾਸ਼ਨ ਪਹੁੰਚਦਾ ਕੀਤਾ ਜਾਵੇਗਾ। ਡਾ.ਓਬਰਾਏ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਮਜੀਠਾ ਦੇ ਵੱਖ-ਵੱਖ ਖੇਤਰਾਂ ਵਿੱਚ 1900 ਲੋੜਵੰਦ ਪਰਿਵਾਰਾਂ ਤੱਕ 31 ਟਨ ਸੁੱਕਾ ਰਾਸ਼ਨ ਪਹੁੰਚਾਇਆ ਜਾਵੇਗਾ।