ਅੰਮ੍ਰਿਤਸਰ : ਬੀਤੇ ਦਿਨੀਂ ਤਲਵੰਡੀ ਸਾਬੋਂ ਤੋਂ (ਆਪ) ਦੀ ਵਿਧਾਇਕਾ ਬਲਜਿੰਦਰ ਕੌਰ ਨਵੇਂ ਸਾਲ ਮੌਕੇ ਆਪਣੇ ਪਤੀ ਦੇ ਨਾਲ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ, ਜਿੱਥੇ ਉਨ੍ਹਾਂ ਦੇ ਨਾਲ ਸੁਰੱਖਿਆ ਕਰਮੀ ਵੀ ਮੌਜੂਦ ਸਨ। ਜਿਸ ਨੂੰ ਲੈਕੇ ਵੱਡਾ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ ਇਸ ਦੌਰਾਨ ਵਿਧਾਇਕਾ ਦੇ ਨਾਲ ਜੋ ਗੰਨਮੈਂਸ ਸਨ, ਉਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਅਤੇ ਵਰਦੀ ਵਿੱਚ ਹੀ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਨਜ਼ਰ ਆਏ। ਇਸ ਨੂੰ ਲੈਕੇ ਹੁਣ ਸਵਾਲ ਚੁੱਕੇ ਜਾ ਰਹੇ ਹਨ ਕਿ ਗੁਰੂ ਮਰਿਆਦਾ ਨੂੰ ਤੋੜਿਆ ਗਿਆ ਹੈ। ਵਰਦੀਧਾਰੀ ਮੁਲਾਜ਼ਮਾਂ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ 'ਤੇ ਵਿਵਾਦ ਪੈਦਾ ਹੋ ਗਿਆ ਹੈ। ਇਹ ਵਿਵਾਦ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਖੜ੍ਹਾ ਕੀਤਾ ਗਿਆ ਹੈ।
ਤਸਵੀਰਾਂ ਸਾਂਝੀਆਂ ਕਰਦਿਆਂ ਇਤਰਾਜ਼ ਪ੍ਰਗਟਾਇਆ: ਦਰਅਸਲ ਵਲਟੋਹਾ ਨੇ ਸੋਸ਼ਲ ਮੀਡੀਆ 'ਤੇ ਵਿਧਾਇਕਾ ਬਲਜਿੰਦਰ ਕੌਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਇਤਰਾਜ਼ ਪ੍ਰਗਟਾਇਆ ਹੈ ਅਤੇ ਵਿਰਸਾ ਸਿੰਘ ਵਲਟੋਹਾ ਨੇ ਲਿਖਿਆ-
ਹੰਕਾਰ ਵਿੱਚ ਵੱਡਾ ਗੁਨਾਹ:ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਣਾਂ ਵਿੱਚ ਅਜਿਹੇ ਮੌਕੇ 'ਤੇ ਨਤਮਸਤਕ ਹੋਣਾ ਸ਼ਲਾਘਾਯੋਗ ਹੈ ਪਰ ਸ਼੍ਰੀ ਦਰਬਾਰ ਸਾਹਿਬ ਅੰਦਰ ਆਪਣੀ ਸਕਿਉਰਟੀ ਵਾਲੀ ਪੁਲਿਸ ਨੂੰ ਵਰਦੀ ਸਮੇਤ ਨਾਲ ਲੈਕੇ ਜਾਣਾ ਮਰਯਾਦਾ ਦੀ ਘੋਰ ਉਲੰਘਣਾ ਹੈ। ਅੱਗੇ ਤੋਂ ਮਰਯਾਦਾ ਦੀ ਉਲੰਘਣਾ ਕਰਨ ਦੀ ਕਿਸੇ ਦੀ ਵੀ ਜੁਰਅਤ ਨਾਂ ਪਵੇ ਇਸ ਕਰਕੇ MLA ਬੀਬੀ ਬਲਜਿੰਦਰ ਕੌਰ ਤਲਵੰਡੀ ਸਾਬੋ,ਉਨਾਂ ਦੇ ਪਤੀ ਸ.ਸੁਖਰਾਜ ਸਿੰਘ ਬੱਲ ਅਤੇ ਸੰਬੰਧਿਤ ਪੁਲਿਸ ਮੁਲਾਜ਼ਮਾਂ ਵਿਰੁੱਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਕਰੇ।
ਮਤੇ ਅਨੁਸਾਰ ਕੀਤੀ ਉਲੰਘਣਾ ਦੀ ਹੋਵੇ ਸਜ਼ਾ :ਵਲਟੋਹਾ ਨੇ ਅਪਣੇ ਸ਼ੋਸ਼ਲ ਮੀਡੀਆ ਤੇ ਕਿਹਾ ਹੈ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਣ ਵਾਲੀ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵੋਚ ਸੰਸਥਾ ਹੈ ਤੇ 1984 ਦੇ ਵਿੱਚ ਹੋਏ ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਕੋਈ ਵੀ ਸਰਕਾਰੀ ਪੁਲਿਸ ਅਧਿਕਾਰੀ ਆਪਣੀ ਵਰਦੀ ਪਾ ਕੇ ਤੇ ਆਪਣਾ ਹਥਿਆਰ ਨਾਲ ਲੈ ਕੇ ਕਿਸੇ ਵੀ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਨਹੀਂ ਜਾਵੇਗਾ। ਜੇਕਰ ਕੋਈ ਵੀ ਪੁਲਿਸ ਅਧਿਕਾਰੀ ਗੁਰੂ ਘਰ ਵਿੱਚ ਮੱਥਾ ਟੇਕਣ ਜਾਂਦਾ ਹੈ ਤਾਂ ਉਹ ਆਪਣੀ ਸਰਕਾਰੀ ਬੈਲਟ ਤੇ ਆਪਣਾ ਹਥਿਆਰ ਬਾਹਰ ਰੱਖ ਕੇ ਜਾਵੇਗਾ। ਪਰ ਇਥੇ ਉਲਟਾ ਹੋਇਆ ਹੈ ਪਰ ਆਪਣੇ ਸੁਰੱਖਿਆ ਅਧਿਕਾਰੀਆਂ ਨੂੰ ਵਰਦੀ ਸਣੇ ਨਾਲ ਲੈ ਜਾਣਾ ਸਿੱਖ ਮਰਿਆਦਾ ਦਾ ਖਿਲਾਫ ਹੈ ਤੇ ਉਹਨਾਂ ਵੱਲੋਂ ਗੁਰੂ ਘਰ ਦੀ ਮਰਿਆਦਾ ਦਾ ਉਲੰਘਣ ਕੀਤੀ ਗਈ ਹੈ। ਵਲਟੋਹਾ ਨੇ ਕਿਹਾ ਕਿ ਵਿਧਾਇਕ ਬਲਜਿੰਦਰ ਕੌਰ ਤੇ ਉਹਨਾਂ ਦੇ ਪਤੀ ਸੁਖਰਾਜ ਬੱਲ ਦੇ ਨਾਲ- ਨਾਲ ਉਹਨਾਂ ਦੇ ਸੁਰੱਖਿਆ ਕਰਮਚਾਰੀਆਂ ਖਿਲਾਫ ਬਣਦੀ ਧਾਰਮਿਕ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਕਿ ਕੋਈ ਦੁਬਾਰਾ ਅਜਿਹੀ ਹਰਕਤ ਨਾ ਕਰ ਸਕੇ।
ਉੱਥੇ ਹੀ ਵਿਧਾਇਕ ਬਲਜਿੰਦਰ ਕੌਰ ਤੇ ਪੀਏ ਨੇ ਸਾਰੇ ਵਿਵਾਦ ਤੇ ਸਫਾਈ ਦਿੰਦੇ ਹੋਏ ਦੱਸਿਆ ਕਿ ਪੁਲਿਸ ਮੁਲਾਜ਼ਮ ਕੋਈ ਵੀ ਅੰਦਰ ਵਰਦੀ ਪਾ ਕੇ ਮੱਥਾ ਟੇਕਣ ਦੇ ਲਈ ਨਹੀਂ ਗਿਆ ਸੀ ਉਹਨਾਂ ਵੱਲੋਂ ਆਪਣੀਆਂ ਬੈਲਟਾਂ ਤੇ ਆਪਣੇ ਹਥਿਆਰ ਬਾਹਰ ਹੀ ਜਮਾਂ ਕਰਾ ਦਿੱਤੇ ਸਨ।