ਅੰਮ੍ਰਿਤਸਰ/ਮੋਗਾ: ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਅੱਜ ਅੰਮ੍ਰਿਤਸਰ ਦੇ ਨਾਲ ਪੰਜਾਬ ਦੇ ਹੋਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ ਚੱਕਾ ਜਾਮ ਕਰਦਿਆ 27 ਡਿਪੂ ਬੰਦ ਕਰ ਦਿੱਤੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਨੇ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਮੰਨ ਲਿਆ ਸੀ ਪਰ ਰੋਡਵੇਜ਼ ਦੀ ਮੈਨੇਜਮੈਂਟ ਵੱਲੋਂ ਇਨ੍ਹਾਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ।
ਇਹ ਹਨ ਤਿੰਨ ਮੁੱਖ ਮੰਗਾਂ:ਅੰਮ੍ਰਿਤਸਰ ਵਿੱਚ ਪੀਆਰਟੀਸੀ ਮੁਲਾਜ਼ਮ ਯੂਨੀਅਨ (PRTC Employees Union) ਦੇ ਸਕੱਤਰ ਜੁਗਰਾਜ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਮੁੱਖ ਤੌਰ ਉੱਤੇ ਤਿੰਨ ਮੰਗਾਂ ਹਨ,ਜਿਨ੍ਹਾਂ ਵਿੱਚ ਪਹਿਲੀ ਮੰਗ ਸੂਬਾ ਸਰਕਾਰ ਨੇ ਹਰ ਸਾਲ 5 ਪ੍ਰਤੀਸ਼ਤ ਤਨਖਾਹ ਵਿੱਚ ਵਾਧਾ ਕਰਨ ਦੀ ਗੱਲ ਕਹੀ ਸੀ ਪਰ ਸਰਕਾਰ ਨੇ ਹੁਣ ਤੱਕ ਉਹ ਮੰਗ ਲਾਗੂ ਨਹੀਂ ਕੀਤੀ। ਪ੍ਰਦਰਸ਼ਨਕਾਰੀਆਂ ਮੁਤਾਬਿਕ ਦੂਜੀ ਮੰਗ, ਉਨ੍ਹਾਂ ਉੱਤੇ ਲਾਗੂ ਸ਼ਰਤਾਂ ਵਿੱਚ ਸੋਧ ਕਰਨਾ ਅਤੇ ਤੀਜੀ ਮੰਗ ਕਿਸੇ ਕਾਰਣ ਬਲੈਕ ਲਿਸਟ ਹੋਏ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੂੰ ਮੁੜ ਤੋਂ ਇੱਕ ਮੌਕਾ ਦੇਕੇ ਬਹਾਲ ਕਰਨਾ ਸੀ,ਜਿਨ੍ਹਾਂ ਵਿੱਚੋਂ ਕਿਸੇ ਵੀ ਮੰਗ ਨੂੰ ਮੰਨਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਗਿਆ।