ਅੰਮ੍ਰਿਤਸਰ: ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਸਕਦਾ ਹੈ ਕਿ ਜੰਡਿਆਲਾ ਗੁਰੂ ਵਿਖੇ ਇੱਕ ਕਾਂਗਰਸੀ ਸਰਪੰਚ ਵੱਲੋਂ ਧੜੱਲੇ ਨਾਲ ਪਿੰਡ ਦੇ ਛੱਪੜ ਵਿੱਚੋਂ ਮਿੱਟੀ ਦੀ ਚੋਰੀ ਕੀਤੀ ਜਾ ਰਹੀ ਹੈ। ਪਰੰਤੂ ਸਬੰਧਿਤ ਵਿਭਾਗ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਿਹਾ ਹੈ।
ਕਾਂਗਰਸੀ ਸਰਪੰਚ ਧੜੱਲੇ ਨਾਲ ਕਰ ਰਿਹੈ ਨਾਜਾਇਜ਼ ਮਾਈਨਿੰਗ, ਸਬੰਧਿਤ ਵਿਭਾਗ ਚੁੱਪ ਪਿੰਡ ਕੋਰਟ ਹਿਆਤ ਦੇ ਨਿਵਾਸੀਆਂ ਨੇ ਕਿਹਾ ਕਿ ਪਿੰਡ ਦਾ ਕਾਂਗਰਸੀ ਸਰਪੰਚ ਨਾ ਸਿਰਫ ਪਿੰਡ ਦੇ ਛੱਪੜ ਵਿੱਚੋ ਮਿੱਟੀ ਚੋਰੀ ਕਰ ਰਿਹਾ ਹੈ, ਸਗੋਂ ਹੋਰ ਮਿੱਟੀ ਲਈ ਨਾਲ ਲੱਗਦੇ ਮਕਾਨ ਦੀ ਜ਼ਮੀਨ ਦੀ ਵੀ ਖੁਦਾਈ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਪੰਚ ਆਪਣੇ ਕਾਂਗਰਸੀ ਹੋਣ ਦਾ ਫ਼ਾਇਦਾ ਚੁੱਕ ਰਿਹਾ ਹੈ, ਜਿਸ ਕਾਰਨ ਹੀ ਉਸ ਵਿਰੁਧ ਕੋਈ ਕਾਰਵਾਈ ਨਹੀਂ ਹੋ ਰਹੀ। ਨਾਜਾਇਜ਼ ਮਾਈਨਿੰਗ ਦੇ ਇਸ ਮਾਮਲੇ ਵਿੱਚ ਸਬੰਧਿਤ ਵਿਭਾਗ ਨੇ ਵੀ ਚੁੱਪੀ ਧਾਰੀ ਹੋਈ ਹੈ ਅਤੇ ਕੋਈ ਵੀ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਿਹਾ ਹੈ। ਇੱਥੋਂ ਤੱਕ ਕਿ ਪੁਲਿਸ ਨੇ ਵੀ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਸੁਣਵਾਈ ਨਹੀਂ ਕੀਤੀ ਹੈ।
ਇਸ ਬਾਰੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮਿੱਟੀ ਦੇ ਨਾਲ-ਨਾਲ ਜ਼ਮੀਨ ਵਿੱਚੋਂ ਰੇਤ ਕੱਢ ਕੇ ਵੀ ਬਾਹਰ ਵੇਚੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਕੁੱਝ ਵੀ ਬੋਲਣ 'ਤੇ ਸਰਪੰਚ ਰਣਜੀਤ ਸਿੰਘ ਰਾਣਾ ਵੱਲੋਂ ਗੋਲੀ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ।
ਦੂਜੇ ਪਾਸੇ ਨਾਜਾਇਜ਼ ਮਾਈਨਿੰਗ ਦੇ ਇਸ ਵੱਡੇ ਮਾਮਲੇ ਵਿੱਚ ਬੀਡੀਓ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਸਾਡੇ ਧਿਆਨ ਵਿੱਚ ਨਹੀਂ ਹੈ, ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਕਾਰਵਾਈ ਕੀਤੀ ਜਾਵੇਗੀ।