ਅੰਮ੍ਰਿਤਸਰ: ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਆਪਣੀ ਹੀ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਔਜਲਾ ਨੇ ਪੀਪੀਈ ਕਿੱਟਾਂ ਦੀ ਖ਼ਰੀਦ ਨੂੰ ਲੈ ਕੇ ਹੋ ਘੁਟਾਲੇ ਦੀ ਜਾਂਚ ਸਬੰਧੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਸੰਕਟ ਦੇ ਸਮੇਂ ਸੇਫਟੀ ਕਿੱਟਾਂ ਖਰੀਦਣ ਵਿੱਚ ਹੋਏ ਘੁਟਾਲੇ ਦੀ ਜਾਂਚ ਤੇਜ਼ ਕੀਤੀ ਜਾਵੇ।
ਦੱਸ ਦਈਏ ਕਿ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਸਟਾਫ਼ 'ਤੇ 7 ਲੱਖ ਰੁਪਏ ਦੀਆਂ ਪੀਪੀਈ ਕਿੱਟਾਂ 41 ਲੱਖ ਰੁਪਏ ਵਿੱਚ ਖਰੀਦਣ ਦੋਸ਼ ਲਗਾਏ ਗਏ ਹਨ, ਜਿਸ ‘ਤੇ ਕਾਂਗਰਸ ਦੇ ਸੰਸਦ ਮੈਂਬਰ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ। ਔਜਲਾ ਨੇ ਆਪਣੇ ਐਮਪੀ ਫੰਡ ਵਿੱਚੋਂ ਪੀਪੀਈ ਕਿੱਟਾਂ ਦੀ ਖ਼ਰੀਦ ਲਈ ਇੱਕ ਕਰੋੜ ਰੁਪਏ ਦਿੱਤੇ। ਇਸ ਘੁਟਾਲੇ ਅਤੇ ਜਾਂਚ ਵਿੱਚ ਦੇਰੀ ਸਬੰਧੀ ਔਜਲਾ ਨੇ ਪਿਛਲੇ ਹਫ਼ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਿੱਠੀ ਲਿਖੀ ਸੀ।