ਦੂਜੇ ਦਿਨ ਵੀ ਦਰਬਾਰ ਸਾਹਿਬ ਵਿੱਚ ਸੇਵਾ ਕਰ ਰਹੇ ਹਨ ਰਾਹੁਲ ਗਾਂਧੀ ਅੰਮ੍ਰਿਤਸਰ:ਕਾਂਗਰਸ ਨੇਤਾ ਰਾਹੁਲ ਗਾਂਧੀ ਅੰਮ੍ਰਿਤਸਰ ਦੌਰੇ ਉੱਤੇ ਹਨ। ਇਸ ਨਿੱਜੀ ਦੌਰੇ ਦੌਰਾਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਕਰਦੇ ਨਜ਼ਰ ਆਏ। ਪਹਿਲਾਂ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਫਿਰ ਲੰਗਰ ਹਾਲ ਵਿੱਚ ਜੂਠੇ ਬਰਤਨ ਸਾਫ਼ ਕਰਨ ਸੇਵਾ ਕੀਤੀ। ਉਸ ਤੋਂ ਬਾਅਦ ਸਾਫ਼-ਸਫਾਈ ਵੀ ਕੀਤੀ। ਰਾਹੁਲ ਰਾਤ 12 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੀ ਰਹੇ। ਅੱਜ ਉਹ ਮੁੜ ਹਰਿਮੰਦਰ ਸਾਹਿਬ ਪਹੁੰਚਣਗੇ। ਇਸ ਦੇ ਨਾਲ ਹੀ ਇਸ ਦੌਰੇ ਦੌਰਾਨ ਕੋਈ ਵੀ ਸਿਆਸੀ ਮੀਟਿੰਗ (Rahul Gandhi Visit Amritsar) ਕੀਤੇ ਜਾਣ ਦੀ ਖ਼ਬਰ ਨਹੀਂ ਹੈ।
ਪਹਿਲਾਂ ਕੀਤੀ ਅਰਦਾਸ, ਫਿਰ ਸੇਵਾ ਸ਼ੁਰੂ:ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ। ਉਸ ਤੋਂ ਬਾਅਦ ਸਬਜ਼ੀਆਂ ਕੱਟਣ ਦੀ ਸੇਵਾ ਸ਼ੁਰੂ ਕੀਤੀ ਗਈ। ਦੱਸ ਦੇਈਏ ਕਿ ਇਨ੍ਹਾਂ ਦੋ ਦਿਨਾਂ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਅੰਦਰ ਰਾਹੁਲ ਗਾਂਧੀ ਨਾਲ ਕੋਈ ਵੀ ਸਿਆਸੀ ਨੇਤਾ ਨਹੀਂ ਦਿੱਖਾਈ ਦਿੱਤਾ। ਰਿਪੋਰਟਾਂ ਮੁਤਾਬਕ, ਇਹ ਰਾਹੁਲ ਗਾਂਧੀ ਦੀ ਮਰਜ਼ੀ ਸੀ ਜਿਸ ਕਾਰਨ ਉਹ ਸੁਰੱਖਿਆ ਗਾਰਡਾਂ ਸਣੇ ਖੁਦ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੁਕੇ ਹੋਏ ਹਨ।
ਹੋਟਲ ਰਮਾਡਾ ਵਿੱਚ ਰੁਕੇ: ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਹੋਟਲ ਰਮਾਡਾ ਵਿੱਚ ਰੁਕੇ ਹੋਏ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ (Rahul Gandhi Visit Sri Harmandir Sahib) ਗਏ ਹਨ। ਅੱਜ ਫਿਰ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਜਾਣਗੇ ਤੇ ਉੱਥੇ ਜਾ ਕੇ ਮੁੜ ਸੇਵਾ ਕਰਨਗੇ। ਬੀਤੇ ਦਿਨ ਉਨ੍ਹਾਂ ਨੇ ਪਰਿਕ੍ਰਮਾ ਵਿੱਚ ਹੀ ਸੇਵਾ ਕੀਤੀ।
ਪਹਿਲਾਂ ਭਾਂਡੇ ਧੋਤੇ, ਫਿਰ ਪਾਣੀ ਦੀ ਸੇਵਾ ਕੀਤੀ: ਰਾਹੁਲ ਗਾਂਧੀ ਸੋਮਵਾਰ ਦੁਪਹਿਰ ਨੂੰ ਹਰਿਮੰਦਰ ਸਾਹਿਬ ਪੁੱਜੇ ਤਾਂ ਉਨ੍ਹਾਂ ਨੇ ਛਬੀਲ ਨੇੜੇ ਜੂਠੇ ਭਾਂਡੇ ਧੋਣ ਦੀ ਸੇਵਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਦੇਰ ਸ਼ਾਮ ਰਾਹੁਲ ਗਾਂਧੀ ਫਿਰ ਹਰਿਮੰਦਰ ਸਾਹਿਬ ਪੁੱਜੇ। ਇਸ ਦੌਰਾਨ ਉਨ੍ਹਾਂ ਲੰਮਾ ਸਮਾਂ ਪਰਿਕਰਮਾ ਵਿੱਚ ਛਬੀਲ ’ਤੇ ਬੈਠ ਕੇ ਜਲ ਦੀ ਸੇਵਾ ਕੀਤੀ। ਇਹ ਦੇਖ ਕੇ ਸ਼ਰਧਾਲੂ ਵੀ ਹੈਰਾਨ ਰਹਿ ਗਏ। ਲੋਕ ਆਪ ਵੀ ਨੇੜੇ ਆ ਕੇ ਉਨ੍ਹਾਂ ਨਾਲ ਗੱਲਾਂ ਕਰ ਰਹੇ ਸਨ ਤੇ ਪਾਣੀ ਵੀ ਲੈ ਰਹੇ ਸਨ।
ਇਸ ਦੇ ਨਾਲ ਹੀ, ਰਾਹੁਲ ਗਾਂਧੀ ਨੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ। ਗੁਰੂ ਘਰ ਦੇ ਦਰਵਾਜ਼ੇ ਬੰਦ ਹੋਣ ਤੋਂ ਬਾਅਦ ਰਾਹੁਲ ਗਾਂਧੀ ਸਫਾਈ ਦੀ ਸੇਵਾ ਵਿੱਚ ਜੁੱਟ ਗਏ। ਉਨ੍ਹਾਂ ਨੇ ਕੱਪੜਾ ਫੜ ਕੇ ਰੇਲਿੰਗ ਸਾਫ਼ ਕਰਨੀ ਸ਼ੁਰੂ ਕਰ ਦਿੱਤੀ। ਉਹ ਹਰਿਮੰਦਰ ਸਾਹਿਬ ਵਿੱਚ ਸੇਵਾ ਕਰ ਰਹੇ ਨੌਜਵਾਨਾਂ ਨਾਲ ਹੱਥ ਮਿਲਾਉਂਦੇ ਨਜ਼ਰ ਆਏ।