ਖਡੂਰ ਸਾਹਿਬ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਵੱਲੋ ਸਕੂਲੀ ਵਿਦਿਆਰਥੀਆਂ ਵਿਚ ਕੀਰਤਨ, ਕਵੀਸ਼ਰੀ, ਭਾਸ਼ਣ ਤੇ ਢਾਡੀ ਆਦਿ ਦੇ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਜਿੱਥੇ ਸਾਰੇ ਵਿਸ਼ਵ ਵਿੱਚ ਸਮਾਗਮ ਤੇ ਮੁਕਾਬਲੇ ਕਰਵਾਏ ਜਾ ਰਹੇ ਹਨ, ਉੱਥੇ ਹੀ, ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਵੱਲੋ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿਖੇ ਸਕੂਲੀ ਵਿਦਿਆਰਥੀਆਂ ਦੇ ਕੀਰਤਨੀ, ਕਵੀਸ਼ਰੀ, ਢਾਡੀ ਤੇ ਭਾਸ਼ਣ ਦੇ ਨਾਲ-ਨਾਲ ਸੁੰਦਰ ਲਿਖਾਈ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਉੱਕਤ ਮੁਕਾਬਲਿਆਂ ਵਿੱਚ ਨਿਸ਼ਾਨ-ਏ- ਸਿੱਖੀ ਚੈਰੀਟੇਬਲ ਟਰੱਸਟ ਦੇ ਪ੍ਰਬੰਧ ਹੇਠ ਚੱਲ ਰਹੀਆਂ ਸਮੂਹ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋ ਭਾਗ ਲਿਆ ਗਿਆ। ਇਸ ਦੇ ਨਾਲ ਹੀ, ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਬਾਬਾ ਸੇਵਾ ਸਿੰਘ ਅਤੇ ਨਿਸ਼ਾਨ-ਏ-ਸਿੱਖੀ ਟਰੱਸਟ ਦੇ ਅਹੁੱਦੇਦਾਰਾਂ ਵਿੱਚੋ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸਕੂਲੀ ਵਿਦਿਆਰਥੀਆਂ ਵੱਲੋ ਉੱਕਤ ਮੁਕਾਬਲਿਆਂ ਵਿੱਚ ਆਪਣੀ ਬੇਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ। ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਪਹਿਲਾ ਅਤੇ ਤੀਜੇ ਸਥਾਨ 'ਤੇ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਰਿਹਾ ਅਤੇ ਤੀਜਾ ਸਥਾਨ ਬਾਬਾ ਗੁਰਮੁੱਖ ਸਿੰਘ ਤੇ ਬਾਬਾ ਉੱਤਮ ਸਕੂਲ, ਖਡੂਰ ਸਾਹਿਬ ਦੇ ਵਿਦਿਆਰਥੀਆਂ ਵੱਲੋ ਹਾਸਲ ਕੀਤਾ ਗਿਆ।