Nasha Mukt Punjab Campaign: 40 ਗ੍ਰਾਉਂਡਾਂ ਵਿੱਚ ਖੇਡੇ ਜਾਣਗੇ ਮੈਚ, ਜਾਣੋ ਹੋਰ ਕੀ ਕੁਝ ਬੋਲੇ ਸੀਐਮ ਮਾਨ
ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 2022 ਦੀਆਂ ਚੋਣਾਂ ਦੇ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਜਾ ਕੇ ਹੌਕਾ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਅੱਜ ਉਸ ਮੁੰਹਿਮ ਨੂੰ ਸ਼ੁਰੂ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਨਸ਼ੇ ਤੋਂ ਦੂਰ ਹੋਣ ਲਈ ਸਾਂਝੀ ਅਰਦਾਸ ਕੀਤੀ ਗਈ।
40 ਗ੍ਰਾਉਂਡਾਂ ਵਿੱਚ ਖੇਡੇ ਗਏ ਕ੍ਰਿਕਟ ਮੈਚ:ਸੀਐਮ ਮਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਪੰਜਾਬ ਦੇ 40 ਗ੍ਰਾਊਂਡਾਂ ਵਿੱਚ ਕ੍ਰਿਕਟ ਮੈਚ ਖੇਡੇ ਜਾਣਗੇ। ਅਜਿਹਾ ਕਰਨਾ ਇੱਕੋ ਮਕਸਦ ਹੈ ਕਿ ਨੌਜਵਾਨਾਂ ਵਿੱਚ ਖੇਡਾਂ ਵੱਲ ਦਿਲਚਸਪੀ ਵਧਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਅੱਜ ਇਨ੍ਹਾਂ ਖੇਡਾਂ ਦਾ ਆਗਾਜ਼ ਅੰਮ੍ਰਿਤਸਰ ਦੀ ਗਾਂਧੀ ਗ੍ਰਾਊਂਡ ਵਿੱਚ ਸੀਐਮ ਭਗਵੰਤ ਮਾਨ ਨੇ ਕ੍ਰਿਕਟ ਮੈਚ ਦਾ ਟਾਸ ਕਰਵਾਇਆ ਅਤੇ ਫਿਰ ਖੇਡ ਮੰਤਰੀ ਮੀਤ ਹੇਅਰ ਨੇ ਪਹਿਲੀ ਬਾਲ ਉੱਤੇ ਚੌਕਾ (4 ਦੌੜਾਂ) ਬਣਾ ਕੇ ਕੀਤਾ।
ਨਸ਼ਿਆਂ ਦੀ ਸਪਲਾਈ ਲਾਈਨਾਂ ਟੁੱਟੀਆਂ: ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ‘ਹੋਪ ਪਹਿਲਕਦਮੀ’ ਦੇ ਹਿੱਸੇ ਵਜੋਂ ਉਹ ਗੁਰੂਆਂ, ਪੀਰਾਂ-ਫ਼ਕੀਰਾਂ ਤੇ ਪੈਗੰਬਰਾਂ ਦੀ ਧਰਤੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਆਪਣਾ ਜੀਵਨ ਸਮਰਪਿਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਨਗੇ। ਉਨ੍ਹਾਂ ਨਸ਼ਿਆਂ ਵਿਰੁੱਧ ਮੁਹਿੰਮ ਦੇ ਇਸ ਸੁਚੱਜੇ ਕਾਰਜ ਲਈ ਸੂਬਾ ਸਰਕਾਰ ਦਾ ਸਹਿਯੋਗ ਤੇ ਤਾਲਮੇਲ ਕਰਨ ਦਾ ਵੀ ਪ੍ਰਣ ਲਿਆ। ਇਸ ਦੌਰਾਨ ਇਸ ਮੁਹਿੰਮ ਨੂੰ ਨਵੇਂ ਦੌਰ ਦਾ ਪਹੁ-ਫੁਟਾਲਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚੋਂ ਇਸ ਖ਼ਤਰੇ ਦੇ ਸਫ਼ਾਏ ਦਾ ਮੁੱਢ ਬੱਝ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਇਸ ਸਰਾਪ ਤੋਂ ਮੁਕਤੀ ਲਈ ਅੰਤਮ ਤੇ ਫੈਸਲਾਕੁੰਨ ਹੰਭਲੇ ਦਾ ਸਮਾਂ ਆ ਚੁੱਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਪਹਿਲਾਂ ਹੀ ਟੁੱਟ ਚੁੱਕੀ ਹੈ ਅਤੇ ਹੁਣ ਨਸ਼ਿਆਂ ਦੀ ਮੰਗ ਨੂੰ ਖ਼ਤਮ ਕਰਨ ਉਤੇ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਲਈ ਵੱਡ-ਆਕਾਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਬੱਚਿਆਂ ਨੇ ਲਿਆ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ: ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਂਝੀ ਅਰਦਾਸ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹੋਪ ਇਨੀਸ਼ੀਏਟਿਵ ਪ੍ਰੋਗਰਾਮ ਤਹਿਤ Pray-Pledge-Play ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਬੱਚੇ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿਖੇ ਇੱਕਠੇ ਹੋਏ। ਇੱਥੇ ਸੀਐਮ ਮਾਨ ਸਣੇ ਹੋਰ ਮੰਤਰੀ ਅਤੇ ਬੱਚਿਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲਿਆ।
ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹਰੇਕ ਸਾਲ 2100 ਰੈਗੂਲਰ ਆਸਾਮੀਆਂ ਦਾ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ। ਇਸ ਨਾਲ ਨੌਜਵਾਨ ਸਖ਼ਤ ਮਿਹਨਤ ਕਰ ਕੇ ਪੁਲਿਸ ਵਿੱਚ ਅਫ਼ਸਰ ਭਰਤੀ ਹੋਣ ਲਈ ਉਤਸ਼ਾਹਤ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰਣਨੀਤੀ ਦੇ ਤੀਜੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਸੂਬੇ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੈ, ਜਿਸ ਤਹਿਤ ਤਸਕਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਡੱਕਿਆ ਜਾ ਰਿਹਾ ਹੈ।
ਬੱਚਿਆਂ ਤੇ ਅਧਿਆਪਿਕਾਂ ਨੇ ਕੀਤੀ ਸ਼ਲਾਘਾ:ਉੱਥੇ ਹੀ, ਪਲਾਜ਼ਾ ਵਿੱਚ ਹੁਣ ਬੱਚਿਆਂ ਦੀ ਆਮਦ ਆਣੀ ਸ਼ੁਰੂ ਹੋ ਚੁੱਕੀ ਹੈ ਅਤੇ ਬੱਚਿਆਂ ਅਤੇ ਅਧਿਆਪਕਾਂ ਦਾ ਕਹਿਣਾ ਹੈ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ, ਉਹ ਸ਼ਲਾਘਾਯੋਗ ਹੈ। ਅਸੀਂ ਆਸ ਕਰਦੇ ਹਾਂ ਕਿ ਪੰਜਾਬ ਦਾ ਹਰ ਇੱਕ ਨੌਜਵਾਨ ਨਸ਼ੇ ਤੋਂ ਦੂਰ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੱਚਿਆਂ ਨੇ ਕਿਹਾ ਕਿ ਜੋ ਪੰਜਾਬ ਦੇ ਹਾਲਾਤ ਨਸ਼ੇ ਕਰਕੇ ਨਜ਼ਰ ਆ ਰਹੇ ਸਨ, ਉਸ ਤੋਂ ਹੁਣ ਕੁਝ ਨਾ ਕੁਝ ਰਾਹਤ ਜ਼ਰੂਰ ਮਿਲੇਗੀ। ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।
ਸੀਐਮ ਮਾਨ ਵਲੋਂ ਅੱਜ ਨਸ਼ਾ ਮੁਕਤ ਪੰਜਾਬ ਮੁਹਿੰਮ ਦਾ ਆਗਾਜ਼, ਸੁਣੋ ਵਿਦਿਆਰਥੀਆਂ ਨੇ ਕੀ ਕਿਹਾ?
ਨਸ਼ਾ ਤਸਕਰਾਂ 'ਤੇ ਕਾਰਵਾਈ:ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਤਾਂ ਕਿ ਇਸ ਘਿਨਾਉਣੇ ਜੁਰਮ ਵਿੱਚ ਸ਼ਾਮਲ ਲੋਕਾਂ ਨੂੰ ਆਪਣੇ ਅਪਰਾਧਾਂ ਦੀ ਮਿਸਾਲੀ ਸਜ਼ਾ ਮਿਲੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਸ਼ਾ ਪੀੜਤਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਹੁਨਰਮੰਦ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਇੱਜਤ-ਮਾਣ ਨਾਲ ਆਪਣਾ ਜੀਵਨ ਬਸਰ ਕਰ ਸਕਣ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਤਸਕਰੀ ਲਈ ਲਾਂਘਾ ਹੈ, ਜਿਸ ਕਾਰਨ ਸੂਬਾ ਨਸ਼ਿਆਂ ਖ਼ਿਲਾਫ਼ ਦੇਸ਼ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚੋਂ ਇਸ ਅਲਾਮਤ ਨੂੰ ਖ਼ਤਮ ਕਰਨ ਲਈ ਆਪਣੇ ਵੱਲੋਂ ਪੂਰੀ ਸ਼ਿੱਦਤ ਨਾਲ ਕੋਸ਼ਿਸ਼ ਕੀਤੀ ਹੈ।
Nasha Mukt Punjab Campaign: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਸਾਂਝੀ ਅਰਦਾਸ
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ ਨਸ਼ੇ ਦੀ ਓਵਰਡੋਜ਼ ਕਰਕੇ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਨਸ਼ਾ ਮੰਨਿਆ ਜਾ ਰਿਹਾ ਹੈ। ਉੱਥੇ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਸਹੁੰ ਚੁਕਾਈ ਜਾਵੇਗੀ ਅਤੇ ਨਸ਼ੇ ਤੋਂ ਦੂਰ ਹੋਣ ਵਾਸਤੇ ਕਿਹਾ ਜਾਵੇਗਾ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਨੌਜਵਾਨ ਨਸ਼ੇ ਤੋਂ ਕਿੰਨੀ ਕੁ ਨਜਾਹਤ ਪਾਉਂਦੇ ਹਨ ਅਤੇ ਜੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਨੂੰ ਕਿੰਨਾ ਬੂਰ ਪੈਂਦਾ ਹੈ। (ਵਾਧੂ ਜਾਣਕਾਰੀ- ਪ੍ਰੈਸ ਨੋਟ)