ਅੰਮ੍ਰਿਤਸਰ:ਅੱਜ ਸ਼ੁਕਰਵਾਰ ਨੂੰ ਅੰਮ੍ਰਿਤਸਰ ਦੇ ਪੁਤਲੀਘਰ ਵਿਖੇ 'ਆਪ' ਸੁਪ੍ਰੀਮੋ ਤੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੂਜੇ ਪੜਾਅ ਵਿੱਚ 400 ਹੋਰ ਮੁਹੱਲਾਂ ਕਲੀਨਿਕ ਆਮ ਜਨਤਾ ਨੂੰ ਸਮਰਪਿਤ ਕੀਤੇ। ਦੱਸ ਦਈਏ ਕਿ ਇਸ ਤੋਂ ਆਜ਼ਾਦੀ ਦਿਵਸ ਮੌਕੇ 15 ਅਗਸਤ, 2022 ਵਿੱਚ ਪਹਿਲੇ ਗੇੜ ਦੌਰਾਨ 100 ਮੁਹੱਲਾਂ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਸੀ।
'ਆਪ' ਵਿਧਾਇਕ ਆਪੋ-ਆਪਣੇ ਇਲਾਕੇ ਵਿੱਚ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ:-ਇਸ ਦੌਰਾਨ ਗੱਲਬਾਤ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਨਹੀਂ ਹੋਇਆ ਪਰ ਕਰਜ਼ਾ ਬਹੁਤ ਹੈ। ਉਨ੍ਹਾਂ ਕਿਹਾ ਪੁਰਾਣੀਆਂ ਸਰਕਾਰਾਂ ਨੇ ਬਹੁਤ ਲੁੱਟਿਆ ਅਤੇ ਹੁਣ ਦਿੱਲੀ ਉੱਤੇ ਕੋਈ ਕਰਜ਼ਾ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ 'ਆਪ' ਵਿਧਾਇਕ ਆਪੋ-ਆਪਣੇ ਇਲਾਕੇ ਵਿੱਚ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ।
ਹਫ਼ਤੇ ਵਿੱਚ 2 ਦਿਨ DC ਤੇ ADC ਪਿੰਡਾਂ ਵਿੱਚ ਅਨਾਊਸਮੈਂਟ ਕਰਵਾਉਣਗੇ:-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਦਾ ਵੀ ਧਿਆਨ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਹਫ਼ਤੇ ਵਿੱਚ 2 ਦਿਨ ਡੀ.ਸੀ ਅਤੇ ਏ.ਡੀ.ਸੀ ਵੱਲੋਂ ਪਿੰਡਾਂ ਵਿੱਚ ਅਨਾਊਸਮੈਂਟ ਕਰਵਾਉਣਗੇ ਅਤੇ ਉੱਥੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ। ਇਸ ਤੋਂ ਇਲਾਵਾ ਸਰਕਾਰ ਇੱਕ ਪ੍ਰੋਗਰਾਮ ਦੀ ਸੁਰੂਆਤ ਕਰੇਗੀ, ਜਿਸ ਤਹਿਤ ਲੋਕਾਂ ਨੂੰ ਘਰ ਵਿੱਚ ਹੀ ਮੁਫ਼ਤ ਰਾਸ਼ਨ ਮਿਲੇਗਾ ਅਤੇ ਬੁਢਾਪਾ ਪੈਨਸ਼ਨ ਵੀ ਘਰ ਬੈਠੇ ਹੀ ਮਿਲੇਗੀ।