ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਕੇ ਹਟੀ ਹੈ। ਇਸ ਦੌਰਾਨ ਕਈ ਥਾਵਾਂ 'ਤੇ ਝੜਪ ਵੀ ਦੇਖਣ ਨੂੰ ਮਿਲੀ। ਇਸ ਦੇ ਚੱਲਦਿਆਂ ਅੰਮ੍ਰਿਤਸਰ ਦੇ ਹਲਕਾ ਉਤਰੀ ਦੇ 117 ਅਤੇ 119 ਨੰ ਬੂਥ 'ਤੇ ਵੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਝੜਪ ਦੇਖਣ ਨੂੰ ਮਿਲੀ ਹੈ।
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਕਿ ਇੰਨਾਂ ਬੂਥਾਂ 'ਤੇ ਦੋ ਸੌ ਦੇ ਕਰੀਬ ਮਹਿਲਾ ਅਤੇ ਪੁਰਸ਼ ਵੋਟਰ ਆਪਣੀ ਵੋਟ ਭੁਗਤਾਉਣ ਲਈ ਖੜੇ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵਲੋਂ ਉਨ੍ਹਾਂ ਵੋਟਰਾਂ ਨੂੰ ਅਕਾਲੀ ਦਲ ਨੂੰ ਵੋਟ ਪਾਉਣ ਲਈ ਧਮਕਾਇਆ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਮਾਹੌਲ ਬਹੁਤ ਤਣਾਅਪੂਰਨ ਬਣ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪਥਰਾਅ ਵੀ ਵੋਟਰਾਂ 'ਤੇ ਕੀਤਾ ਗਿਆ ਤਾਂ ਪੁਲਿਸ ਵਲੋਂ ਵੋਟਰਾਂ ਨੂੰ ਪਿਛਲੇ ਗੇਟ ਤੋਂ ਭਜਾ ਦਿੱਤਾ ਗਿਆ। ਉਨ੍ਹਾਂ ਇਸ ਬੂਥਾਂ 'ਤੇ ਦੁਆਰਾ ਪੋਲਿੰਗ ਕਰਨ ਦੀ ਮੰਗ ਵੀ ਕੀਤੀ ਹੈ।