ਅੰਮ੍ਰਿਤਸਰ :ਅੱਜ ਅੰਮ੍ਰਿਤਸਰ ਦੇ ਰਾਮਬਾਗ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਅੰਮ੍ਰਿਤਸਰ ਦੇ ਕਰਾਈਸ ਚਰਚ ਕੈਥਲ ਵਿੱਚ ਇਕ ਨੌਜਵਾਨ ਵੱਲੋਂ ਪਹਿਲਾਂ ਗੇਟ ਵਿਚ ਲੱਤਾਂ ਮਾਰਨ ਤੇ ਫਿਰ ਗੇਟ ਦਾ ਤਾਲਾ ਤੋੜ ਅੰਦਰ ਆਣ ਵੀਡੀਓ ਵਾਇਰਲ ਹੋਈ। ਪੰਜਾਬ ਵਿੱਚ ਪਹਿਲੇ ਹੀ ਧਾਰਮਿਕ ਥਾਵਾਂ ਉਤੇ ਹੋ ਰਹੀ ਬੇਅਦਬੀ ਨੂੰ ਲੈ ਕੇ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ। ਇਸ ਤੋਂ ਪਹਿਲਾਂ ਵੀ ਤਰਨਤਾਰਨ ਵਿਚ ਚਰਚ ਦੀ ਭੰਨਤੋੜ ਕੀਤੀ ਗਈ ਸੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਵੱਲੋਂ ਪਹਿਲਾਂ ਚਰਚ ਦੇ ਗੇਟ ਵਿਚ ਲੱਤਾਂ ਮਾਰੀਆਂ ਜਾਂਦੀਆਂ ਹਨ ਤੇ ਬਾਅਦ ਵਿਚ ਤਾਲਾ ਤੋੜ ਕੇ ਅੰਦਰ ਦਾਖਲ ਹੁੰਦਾ ਹੈ।
ਹਾਲਾਂਕਿ ਉਕਤ ਨੌਜਵਾਨ ਚੋਰੀ ਕਰਨ ਜਾਂ ਬੇਅਦਬੀ ਕਰਨ ਦੀ ਮਨਸ਼ਾ ਨਾਲ ਅੰਦਰ ਆਇਆ ਸੀ ਇਸ ਸਬੰਧੀ ਚਰਚ ਦੇ ਪ੍ਰਬੰਧਕਾਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਅੱਜ ਚਰਚ ਵਿਚ ਜੋ ਘਟਨਾ ਵਾਪਰੀ ਹੈ ਇਸ ਨਾਲ ਅੰਮ੍ਰਿਤਸਰ ਦਾ ਇਸਾਈ ਭਾਈਚਾਰਾ ਰੋਸ ਵਿਚ ਹੈ। ਇਸ ਘਟਨਾ ਨੂੰ ਲੈ ਕੇ ਪਾਸਟਰ ਸਟੀਫ਼ਨ ਮਸੀਹ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਥਾਣਾ ਰਾਮਬਾਗ ਨੂੰ ਸ਼ਿਕਾਇਤ ਕੀਤੀ ਗਈ, ਜਿਸ ਵਿਚ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ।