ਨਿਹੰਗ ਸਿੰਘ ਭਰਾਵਾਂ ਵਿਚਾਲੇ ਸਿਵਲ ਹਸਪਤਾਲ 'ਚ ਚੱਲੀਆਂ ਤਲਵਾਰਾਂ, 2 ਜਖ਼ਮੀ ਅੰਮ੍ਰਿਤਸਰ: ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਨਿਹੰਗ ਸਿੰਘ ਭਰਾਵਾਂ ਵਿੱਚ ਪੁਰਾਣੀ ਰੰਜਿਸ਼ ਨੂੰ ਲੈਕੇ ਤਲਵਾਰਾਂ ਚਲਾਈਆ ਗਈਆਂ। ਇਸ ਦੇ ਚੱਲਦੇ ਇੱਕ ਭਰਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਨਿਹੰਗ ਸਿੰਘ ਦੇ ਭਰਾ ਜੋਰਾ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਜੁਗਰਾਜ ਸਿੰਘ ਜੋ ਕਿ ਵੱਲਾ ਸਬਜੀ ਮੰਡੀ ਵਿੱਚ ਕੰਮ ਕਰਦਾ ਹੈ, ਵੱਲੋ ਨਿਹੰਗ ਸਿੰਘ ਦਾ ਬਾਣਾ ਪਾ ਕੇ ਨਕਲੀ ਨਿਹੰਗ ਸਿੰਘ ਬਣਿਆ ਹੋਇਆ ਹੈ।
ਭਰਾ ਉੱਤੇ ਲਾਏ ਨਕਲੀ ਨਿਹੰਗ ਸਿੰਘ ਬਣਨ ਦੇ ਇਲਜ਼ਾਮ:ਉਸ ਨੇ ਦੱਸਿਆ ਕਿ ਜੁਗਰਾਜ ਸਿੰਘ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ ਜਿਸ ਦੇ ਚੱਲਦੇ ਅਸੀ ਉਸ ਦੇ ਸਹੁਰੇ ਫ਼ੋਨ ਕਰਕੇ ਕਿਹਾ ਕਿ ਤੁਸੀਂ ਆਪਣੀ ਕੁੜੀ ਨੂੰ ਲੈ ਜਾਓ, ਤੁਹਾਡੀ ਕੁੜੀ ਨਾਲ ਬਹੁਤ ਕੁੱਟਮਾਰ ਕੀਤੀ ਜਾਂਦੀ ਹੈ। ਉਹ ਆਏ ਅਤੇ ਆਪਣੀ ਕੁੜੀ ਨੂੰ ਨਾਲ ਲੈਕੇ ਚਲੇ ਗਏ। ਜਿਸ ਕਾਰਨ ਜੁਗਰਾਜ ਸਿੰਘ ਰੰਜਿਸ਼ ਰੱਖਦਾ ਸੀ। ਜੋਰਾ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਉਸ ਦਾ ਆਟੋ ਚਲਾਉਂਦਾ ਹੈ। ਅਵਤਾਰ ਸਿੰਘ ਜਦੋਂ ਗੱਡੀ ਮੰਡੀ ਲੈਕੇ ਪੁੱਜਾ, ਤਾਂ ਇਸ ਉੱਤੇ ਜੁਗਰਾਜ ਸਿੰਘ ਵੱਲੋਂ ਹਮਲਾ ਕਰ ਦਿੱਤਾ ਗਿਆ, ਜੋ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ।
ਜੋਰਾ ਸਿੰਘ ਨੇ ਇਲਜ਼ਾਮ ਲਾਏ ਕਿ ਇਹ ਬਾਣਾ ਪਾਕੇ ਨਕਲੀ ਨਿਹੰਗ ਬਣਿਆ ਹੋਇਆ ਹੈ ਅਤੇ ਲੋਕਾਂ ਨੂੰ ਗੰਦੀਆ ਗਾਲ੍ਹਾਂ ਵੀ ਕੱਢਦਾ ਰਹਿੰਦਾ ਹੈ। ਲੋਕਾਂ ਨੂੰ ਡਰਾ ਕੇ ਉਨ੍ਹਾਂ ਦਾ ਸਮਾਨ ਵੀ ਖੋਹ ਲੈਂਦਾ ਹੈ। ਉਣਾ ਕਿਹਾ ਕਿ ਅੱਜ ਅਸੀ ਸਵੇਰੇ ਰਿਪੋਰਟ ਲੈਣ ਲਈ ਸਿਵਲ ਹਸਪਤਾਲ ਆਏ ਤੇ ਉਸ ਨੇ ਵੇਖ਼ ਲਿਆ ਤੇ ਆਪਣੇ ਸਾਥੀਆਂ ਨਾਲ ਸਿਵਲ ਹਸਪਤਾਲ ਦੇ ਅੰਦਰ ਕਿਰਪਾਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਚੱਲਦੇ ਕਿਰਪਾਨ ਅਵਤਾਰ ਸਿੰਘ ਦੇ ਸਿਰ ਉਤੇ ਲੱਗੀ। ਅਵਤਾਰ ਸਿੰਘ ਨੇ ਕਿਹਾ ਕਿ ਜੁਗਰਾਜ ਸਿੰਘ ਵੱਲੋ ਪੁਰਾਣੀ ਰੰਜਿਸ਼ ਦੇ ਚੱਲਦੇ ਸਾਡੇ ਉੱਤੇ ਹਮਲਾ ਕੀਤਾ ਗਿਆ ਹੈ। ਹਸਪਤਾਲ ਦੇ ਅੰਦਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਸ ਨਕਲੀ ਬਣੇ ਨਿਹੰਗ ਸਿੰਘ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।
ਉਥੇ ਹੀ ਨਿਹੰਗ ਸਿੰਘ ਜੁਗਰਾਜ ਸਿੰਘ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਇਨ੍ਹਾਂ ਵੱਲੋ ਆਪਣੇ ਸਾਥੀਆਂ ਦੇ ਨਾਲ ਮੇਰੇ ਉੱਤੇ ਹਮਲਾ ਕੀਤਾ ਗਿਆ ਹੈ। ਮੇਰੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ। ਉਥੇ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਭਰਾਵਾਂ ਦਾ ਆਪਸ ਵਿੱਚ ਝਗੜਾ ਹੋਇਆ ਹੈ। ਇਨ੍ਹਾਂ ਦੋਵਾਂ ਧਿਰਾਂ ਨੂੰ ਪੁਲਿਸ ਥਾਣੇ ਲੈ ਜਾ ਕੇ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।