ਅੰਮ੍ਰਿਤਸਰ:ਛੇਹਰਟਾ ਦੇ ਇਕ ਹੋਟਲ ਵਿੱਚ ਪਿਤਾ ਵਲੋਂ ਬੜੇ ਹੀ ਚਾਵਾਂ ਨਾਲ ਲੱਖਾਂ ਲਾ ਕੇ ਆਪਣੀ ਧੀ ਦੇ ਵਿਆਹ ਦਾ ਪ੍ਰੋਗਰਾਮ ਕਰਵਾਇਆ ਗਿਆ। ਪਿਤਾ ਨੇ ਬਰਾਤੀਆਂ ਨੂੰ ਖੁਸ਼ ਕਰਨ ਲਈ ਇੱਕ ਚੰਗੇ ਹੋਟਲ ਵਿੱਚ ਪਲੇਟ ਸਿਸਟਮ ਕੀਤਾ, ਮਤਲਬ ਮਹਿੰਗੇ ਤੋਂ ਮਹਿੰਗਾ ਖਾਣਾ। ਬਰਾਤ ਪਹੁੰਚ ਚੁੱਕੀ ਸੀ ਅਤੇ ਕੁਝ ਬਰਾਤੀ ਖੁਸ਼ੀ ਵਿੱਚ ਨੱਚ-ਟੱਪ ਰਹੇ ਸੀ ਅਤੇ ਕੁਝ ਬਰਾਤੀਆਂ ਨੇ ਵਿਆਹ ਵਿੱਚ ਰੱਖੀਆਂ ਸਪੈਸ਼ਲ ਆਈਟਮਾਂ ਤੇ ਭੋਜਨ ਖਾਣਾ ਸ਼ੁਰੂ ਕੀਤਾ। ਫਿਰ ਅਚਾਨਕ ਹੀ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਕੁਝ ਬਰਾਤੀ ਨਰਾਜ਼ ਹੋ ਕੇ ਚਲੇ ਗਏ ਅਤੇ ਇੱਕ ਧੀ ਦੇ ਪਿਤਾ ਨੂੰ ਲਾੜੇ ਦੇ ਪਰਿਵਾਰ ਸਾਹਮਣੇ ਬੇਇਜ਼ਤ ਹੋਣਾ ਪਿਆ। ਹਾਲਾਂਕਿ, ਪੂਰੇ ਮਾਮਲੇ ਵਿੱਚ ਗ਼ਲਤੀ ਹੋਟਲ ਵਾਲਿਆਂ ਦੀ ਦੱਸੀ ਜਾ ਰਹੀ ਹੈ।
ਖਾਣੇ ਵਿੱਚੋਂ ਨਿਕਲੀਆਂ ਸੂੰਡੀਆਂ:ਲਾੜਾ ਕਰਨ ਸਿੰਘ ਨੇ ਇਲਜ਼ਾਮ ਲਾਇਆ ਕਿ ਸਾਡੇ ਕੁਝ ਰਿਸ਼ਤੇਦਾਰਾਂ ਨੇ ਜਦੋਂ ਮੰਚੂਰੀਅਨ ਤੇ ਗੁਲਾਬ ਜਾਮਨ ਖਾ ਰਹੇ ਸੀ, ਤਾਂ ਉਨ੍ਹਾਂ ਪਲੇਟ ਵਿੱਚ ਮੰਚੂਰੀਅਨ ਅਤੇ ਗੁਲਾਮ ਜਾਮਨ ਚੋਂ ਸੂੰਡੀਆਂ ਨਿਕਲ ਕੇ ਚੱਲਦੀਆਂ ਵਿਖਾਈ ਦਿੱਤੀਆਂ। ਜਿਸ ਕਾਰਨ ਉਹ ਨਰਾਜ਼ ਹੋ ਗਏ ਅਤੇ ਇੱਥੋ ਚਲੇ ਗਏ। ਲਾੜੇ ਨੇ ਕਿਹਾ ਕਿ ਇਸ ਕਾਰਨ ਸਾਡੀ ਰਿਸ਼ਤੇਦਾਰਾਂ ਸਾਹਮਣੇ ਬੇਇਜ਼ਤੀ ਹੋਈ ਹੈ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਲੱਖਾਂ ਦਾ ਬਿੱਲ ਲਿਆ, ਖਾਣੇ 'ਚ ਸੂੰਡੀਆਂ ਪਰੋਸੀਆਂ:ਦੂਜੇ ਪਾਸੇ ਲਾੜੀ ਕੁਲਦੀਪ ਕੌਰ ਨੇ ਵੀ ਹੋਟਲ ਮਾਲਿਕਾਂ ਉੱਤੇ ਅਣਗਹਿਲੀ ਦੇ ਇਲਜ਼ਾਮ ਲਾਏ ਅਤੇ ਕਿਹਾ ਕਿ ਇੱਕ ਪਿਓ ਇੰਨੇ ਪੈਸੇ ਲਾ ਕੇ ਵਿਆਹ ਕਰਦਾ ਹੈ, ਪਰ ਬਦਲੇ ਵਿੱਚ ਹੋਟਲ ਵਾਲਿਆਂ ਨੇ ਸੂੰਡੀਆਂ ਵਾਲਾ ਖਾਣਾ ਪਰੋਸਿਆ। ਲਾੜੀ ਨੇ ਕਿਹਾ ਕਿ ਹੋਟਲ ਵਾਲਿਆਂ ਕਰਕੇ ਉਸ ਦੀ ਅਤੇ ਪਿਤਾ ਦੀ ਪੂਰੀ ਬਰਾਤ ਸਾਹਮਣੇ ਬੇਇਜ਼ਤੀ ਹੋਈ ਹੈ। ਇਹ ਸਹੀ ਨਹੀਂ ਹੈ। ਕੁਲਦੀਪ ਨੇ ਦੱਸਿਆ ਕਿ ਜਦੋਂ ਹੋਟਲ ਵਾਲਿਆਂ ਕੋਲੋਂ ਇਸ ਬਾਰੇ ਪੁੱਛਿਆਂ ਤਾਂ, ਉਹ ਸਾਫ਼ ਹੀ ਮੁਕਰ ਗਏ ਅਤੇ ਜਿਸ ਨੇ ਸਾਰਾ ਬਿੱਲ ਕਲੀਅਰ ਕੀਤਾ, ਉਹ ਮੌਕੇ ਤੋਂ ਭੱਜ ਗਿਆ ਹੈ।