ਅੰਮ੍ਰਿਤਸਰ: ਸੂਬੇ ’ਚ ਦਿਨ ਪ੍ਰਤੀ ਦਿਨ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਨਜਰ ਆ ਰਹੀ ਹੈ, ਕਿਉਂਕਿ ਪਹਿਲਾਂ ਤਾਂ ਸਿਰਫ਼ ਛੋਟੇ ਮੋਟੇ ਨਕਦੀ ਲੁੱਟਣ ਦੇ ਮਾਮਲੇ ਸਾਹਮਣੇ ਆ ਰਹੇ ਸਨ ਪਰ ਹੁਣ ਦਿਨ ਦਿਹਾੜੇ ਬੱਚੇ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਮਹਿਲਾ ਕੋਲੋਂ ਗੰਨ ਪੁਆਇੰਟ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜ੍ਹਤ ਮਹਿਲਾ ਨੇ ਦੱਸਿਆ ਕਿ ਉਹ ਸ਼ਹਿਰ ਦੀ ਵਰਿੰਦਾਵਨ ਕਲੋਨੀ ਵਿੱਚ ਰਹਿੰਦੀ ਹੈ ਅਤੇ ਉਹ ਆਪਣੇ ਬੱਚੇ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਸੀ ਕਿ ਕਲੋਨੀ ਤੋਂ ਅੱਗੇ ਸੁੰਨਸਾਨ ਰਸਤੇ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਗੰਨ ਪੁਆਇੰਟ ਕਾਰ ’ਚ ਦਾਖਲ ਹੋ ਗਏ। ਉਸ ਦੱਸਿਆ ਕਿ ਉਸਨੇ ਡਰਦੇ ਹੋਏ ਉਨ੍ਹਾਂ ਨੂੰ ਮੋਬਾਈਲ ਜਾਂ ਪੈਸੇ ਦੇਣ ਦੀ ਪੇਸ਼ਕਸ਼ ਵੀ ਕੀਤੀ ਪਰ ਉਹ ਨਹੀਂ ਮੰਨੇ। ਉਸਨੇ ਲੁਟੇਰਿਆਂ ਨੂੰ ਸੁੰਨਸਾਨ ਜਗ੍ਹਾ ਦਾ ਵਾਸਤਾ ਦਿੰਦਿਆਂ ਫ਼ੋਨ ਕਰਨ ਲਈ ਉਨ੍ਹਾਂ ਕੋਲੋ ਮੋਬਾਈਲ ਮੰਗਿਆ ਤਾਂ ਲੁਟੇਰਿਆਂ ਨੇ ਨੇ ਅੱਗੇ ਪਲਾਟ ਵਿੱਚ ਮੋਬਾਈਲ ਸੁੱਟ ਜਾਣ ਬਾਰੇ ਕਹਿਕੇ ਉਹ ਕਾਰ ਭਜਾ ਕੇ ਲੈ ਗਏ, ਇਸ ਤੋਂ ਇਲਾਵਾ ਲੁਟੇਰਿਆਂ ਦੇ ਕਹਿਣ ਮੁਤਾਬਕ ਫ਼ੋਨ ਉਨ੍ਹਾਂ ਨੂੰ ਖ਼ਾਲੀ ਪਲਾਟ ’ਚ ਬਰਾਮਦ ਹੋ ਗਿਆ।