ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ ਅੰਮ੍ਰਿਤਸਰ :ਬਰਸਾਤ ਨੇ ਹਰ ਪਾਸੇ ਕਹਿਰ ਮਚਾਇਆ ਹੋਇਆ ਹੈ। ਸੜਕਾਂ ਜਲਥਲ ਹੋਈਆਂ ਪਈਆਂ ਜਨ। ਉਧਰ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਖੇ ਬੇ- ਮੋਸਮੀ ਬਾਰਿਸ਼ ਹੋਣ ਕਰਕੇ ਕਿਸਾਨਾਂ ਦੀ ਲਗਭਗ 400 ਏਕੜ ਝੋਨੇ ਅਤੇ ਮੱਕੀ ਦੀ ਫ਼ਸਲ ਖ਼ਰਾਬ ਹੋ ਗਈ ਹੈ। ਪਿੰਡ ਵਿੱਚ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਛੱਪੜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਵੜਿਆ। ਜਿਸ ਨਾਲ ਕਈ ਗਰੀਬ ਲੋਕਾਂ ਦੇ ਘਰਾਂ ਦੀਆਂ ਕੰਧਾਂ ਤੱਕ ਢਹਿ ਗਈਆਂ ਹਨ।ਇਸਦੇ ਇਲਾਵਾ ਕਈ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਵੀ ਤਬਾਹ ਹੋਈ ਹੈ।ਜਿਸ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਪ੍ਰਸ਼ਾਸਨਿਕ ਅਮਲੇ ਸਮੇਤ ਪਿੰਡ ਧਾਰੜ ਸਮੇਤ ਵੱਖ ਵੱਖ ਪਿੰਡਾਂ ਵਿੱਚ ਪੁੱਜੇ।
ਪਾਣੀ ਦੀ ਪਹਿਲ ਦੇ ਆਧਾਰ 'ਤੇ: ਬਰਸਾਤੀ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਪਿੰਡ ਧਾਰਡ ਵਿਖੇ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਸ ਸਥਿਤੀ ਵਿੱਚ ਉਹ ਪਿੰਡ ਦੇ ਪਾਣੀ ਦੇ ਨਿਕਾਸ ਦਾ ਹੱਲ ਪਹਿਲ ਦੇ ਅਧਾਰ 'ਤੇ ਕਰਨਗੇ।ਜਿਸ ਤੋਂ ਬਾਅਦ ਬਾਕੀ ਫਸਲਾਂ ਦੇ ਨੁਕਸਾਨ ਦਾ ਵੀ ਹੱਲ ਕੀਤਾ ਜਾਵੇਗਾ।ਉਨ੍ਹਾਂ ਲੋਕਾਂ ਨਾਲ ਰਾਬਤਾ ਕਰਦਿਆਂ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਿਲ ਕੀਤੀ ਅਤੇ ਮੌਕੇ ਤੇ ਪਾਣੀ ਦੀ ਨਿਕਾਸੀ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਜ਼ਿਲਾ ਪ੍ਰਸ਼ਾਸਨ ਨੂੰ ਹੁਕਮ ਦਿੱਤੇ।
ਕਿਸਾਨਾਂ ਨੂੰ ਅਪੀਲ: ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਇਕ ਹੋਰ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਪਹਿਲਾਂ ਹੀ ਖੇਤ ਪਾਣੀ ਦੀ ਮਾਰ ਹੇਠ ਹਨ ਅਤੇ ਫਸਲਾਂ ਤਬਾਹ ਹੋ ਰਹੀਆਂ ਹਨ।ਉਥੇ ਇਕ ਹੋਰ ਗੱਲ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ ਕਿ ਖੇਤ ਬਰਸਾਤ ਦੇ ਪਾਣੀ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਅਤੇ ਨਾਲ ਹੀ ਖੇਤ ਦੀ ਮੋਟਰਾਂ ਵੀ ਚੱਲ ਰਹੀਆਂ ਹਨ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੁਦਰਤੀ ਆਫ਼ਤ ਨਾਲ ਕਾਫੀ ਨੁਕਸਾਨ ਹੋਇਆ ਹੈ ਜੇਕਰ ਇਵੇਂ ਹੀ ਮੋਟਰਾਂ ਚੱਲਦਿਆਂ ਰਹਿਣਗੀਆਂ ਤਾਂ ਪਾਣੀ ਦੀ ਨਿਕਾਸੀ ਲਈ ਹੋਰ ਵੀ ਸਮੱਸਿਆ ਪੈਦਾ ਹੋਵੇਗੀ।ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇਸ ਆਪਦਾ ਦੀ ਘੜੀ ਤੋਂ ਬਾਅਦ ਲੋਕਾਂ ਦੇ ਮਾਲੀ ਨੁਕਸਾਨ ਬਾਰੇ ਸਰਕਾਰ ਵਲੋਂ ਸੋਚਿਆ ਜਾਵੇਗਾ।
ਮੌਸਮ ਵਿਭਾਗ ਵੱਲੋ ਅਲਰਟ: ਇਸ ਮੌਕੇ ਡੀ ਸੀ ਅੰਮ੍ਰਿਤਸਰ ਅਮਿਤ ਤਲਵਾੜ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਵੱਲੋ ਅਲਰਟ ਜਾਰੀ ਕੀਤਾ ਗਿਆ ਹੈ ਕਿ ਰਾਵੀ ਦਰਿਆ ਵਿੱਚ ਵੱਧ ਪਾਣੀ ਆਉਣ ਦੀ ਸੰਭਾਵਨਾ ਹੈ।ਜਿਸ ਦੇ ਚੱਲਦਿਆਂ ਲੋਕ ਦਰਿਆ ਨੇੜੇ ਨੀਵੇਂ ਇਲਾਕਿਆਂ ਵਿਚ ਨਾ ਜਾਣ ਅਤੇ ਜੇਕਰ ਉਥੇ ਕੋਈ ਪਰਿਵਾਰ ਰਹਿੰਦਾ ਹੈ ਤਾਂ ਆਪਣੇ ਪਰਿਵਾਰ ਅਤੇ ਪਸ਼ੂਆਂ ਨੂੰ ਲੈ ਕੇ ਕਿਸੇ ਸੁਰੱਖਿਅਤ ਜਗਾ 'ਤੇ ਚਲੇ ਜਾਣ।
ਪਿੰਡ ਵਾਸੀਆਂ ਦਾ ਪੱਖ: ਇਸ ਮੌਕੇ ਪਿੰਡ ਵਾਸੀ ਕਿਸਾਨ ਮਨਦੀਪ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਬਰਸਾਤ ਦੇ ਪਾਣੀ ਨਾਲ ਪਿੰਡ ਵਿੱਚ ਕਾਫੀ ਨੁਕਸਾਨ ਹੋਇਆ ਹੈ।ਜਿਸ ਦੇ ਚਲਦਿਆਂ ਫਸਲਾਂ ਤਕਰੀਬਨ ਖਤਮ ਹੋ ਗਈਆਂ ਹਨ ਅਤੇ ਕੱਚੇ ਘਰਾਂ ਦੇ ਕੋਠੇ ਡਿੱਗੇ ਹਨ। ਉਨ੍ਹਾਂ ਨੁਕਸਾਨ ਦੀ ਸੂਚਨਾ ਮਿਲਣ ਤੇ ਅਮਲੇ ਸਣੇ ਲੋਕਾਂ ਦਾ ਹਾਲ ਚਾਲ ਜਾਨਣ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ ਦਾ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਪੰਜਾਬ ਸਰਕਾਰ ਲੋਕਾਂ ਦੇ ਇਸ ਨੁਕਸਾਨ ਦੀ ਪੂਰਤੀ ਲਈ ਯੋਗ ਉਪਰਾਲਾ ਕਰੇਗੀ।