ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਚੱਲਦਿਆਂ ਪਿਛਲੇ 3 ਮਹੀਨਿਆਂ ਤੋਂ ਭਾਰਤ ਵਿੱਚ ਹਰ ਪ੍ਰਕਾਰ ਦਾ ਕਾਰੋਬਾਰ ਠੱਪ ਹੈ ਅਤੇ ਜ਼ਿੰਦਗੀ ਦੀ ਰਫ਼ਤਾਰ ਵੀ ਮੱਠੀ ਹੋ ਗਈ ਹੈ, ਜ਼ਿੰਦਗੀ ਕਦੋਂ ਮੁੜ ਲੀਹ 'ਤੇ ਆਵੇਗੀ, ਇਹ ਤਾਂ ਸਮੇਂ ਦੇ ਗਰਭ ਵਿੱਚ ਹੈ ਪਰ ਮੌਜੂਦਾ ਹਾਲਾਤਾਂ ਵਿੱਚ ਰੋਜ਼ ਕਮਾ ਕੇ ਆਪਣੇ ਪਰਿਵਾਰਾਂ ਦੇ ਢਿੱਡ ਪਾਲਣ ਵਾਲੇ ਛੋਟੋ-ਛੋਟੇ ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ ਆਦਿ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੁਕਾਨਦਾਰਾਂ ਦਾ ਦੁੱਖ ਜਾਣਨ ਲਈ ਈਟੀਵੀ ਭਾਰਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜਲੇ ਬਜ਼ਾਰਾਂ ਦੇ ਦੁਕਾਨਦਾਰਾਂ ਨਾਲ ਖਾਸ ਗੱਲਬਾਤ ਕੀਤੀ ਗਈ। ਇੱਕ ਦੁਕਾਨਦਾਰ ਨੇ ਦੱਸਿਆ ਕਿ ਹੁਣ ਕੋਈ ਗਾਹਕ ਨਹੀਂ ਆ ਰਿਹਾ ਕਿਉਂਕਿ ਉਨ੍ਹਾਂ ਦਾ ਸਾਰਾ ਕਾਰੋਬਾਰ ਹੀ ਬਾਹਰਲੇ ਯਾਤਰੂਆਂ 'ਤੇ ਨਿਰਭਰ ਹੈ, ਬੱਸਾਂ, ਰੇਲਗੱਡੀਆਂ, ਹਵਾਈ ਜਹਾਜ਼ ਬੰਦ ਹਨ, ਜਿਸ ਕਾਰਨ ਬਾਹਰੋਂ ਕੋਈ ਵੀ ਵਿਅਕਤੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਨਹੀਂ ਆ ਰਿਹਾ। ਆਵਾਜਾਈ ਘੱਟ ਹੋਣ ਕਰਕੇ ਉਨ੍ਹਾਂ ਦੀ ਦੁਕਾਨਦਾਰੀ ਬਿਲਕੁਲ ਠੱਪ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਉਹ ਗਾਹਕਾਂ ਦੀ ਅਣਹੋਂਦ ਕਰਕੇ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ ਤੇ ਦੂਜੇ ਪਾਸੇ ਸਰਕਾਰ ਦੀ ਯੋਜਨਾ ਠੀਕ ਨਹੀਂ ਹੈ, ਪੁਲਿਸ ਮਾਸਕ ਤੇ ਸੋਸ਼ਲ ਡਿਸਟੈਂਸ ਦੇ ਨਾਂ 'ਤੇ ਪੈਸੇ ਇਕੱਠੇ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਵੀ ਹੋਰ ਦੇਸ਼ਾਂ ਵਾਂਗ ਛੋਟੇ ਕਾਰੋਬਾਰ ਕਰਨ ਵਾਲਿਆਂ ਦੀ ਆਰਥਿਕ ਮੱਦਦ ਕਰਨੀ ਚਾਹੀਦੀ ਹੈ ਪਰ ਇੱਥੇ ਸਰਕਾਰਾਂ ਲੁੱਟਣ 'ਤੇ ਲੱਗੀਆਂ ਹਨ।