ਅੰਮ੍ਰਿਤਸਰ: ਨਵੀਂ ਪੰਜਾਬੀ ਫਿਲਮ ਬੂਹੇ ਬਾਰੀਆਂ ਜਿਥੇ ਸਿਨੇਮਾ ਹਾਲਾਂ 'ਚ ਧੂਮਾਂ ਮਚਾ ਰਹੀ ਹੈ ਤਾਂ ਉਥੇ ਹੀ ਫਿਲਮ ਦੀ ਟੀਮ ਦੀਆਂ ਮੁਸ਼ਕਿਲਾਂ 'ਚ ਵਾਧਾ ਹੋ ਸਕਦਾ ਹੈ, ਕਿਉਂਕਿ ਇਸ ਨਵੀਂ ਪੰਜਾਬੀ ਫਿਲਮ ਦੇ ਕੁਝ ਬੋਲਾਂ ਨੂੰ ਲੈਕੇ ਵਾਲਮੀਕੀ ਭਾਈਚਾਰੇ ਨੇ ਇਤਰਾਜ਼ ਜਤਾਇਆ ਹੈ। ਜਿਸ ਨੂੰ ਲੈਕੇ ਵਾਲਮੀਕੀ ਭਾਈਚਾਰੇ ਦੇ ਆਗੂਆਂ ਵਲੋਂ ਨੀਰੂ ਬਾਜਵਾ ਪ੍ਰੋਡਕਸ਼ਨ ਦੀ ਨਵੀਂ ਰਿਲੀਜ ਹੋਈ ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਖਿਲਾਫ਼ ਡੀਸੀਪੀ ਭੰਡਾਲ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਜਿਸ ਵਿਚ ਮੰਗ ਕੀਤੀ ਗਈ ਹੈ ਕਿ ਇਸ ਫਿਲਮ 'ਤੇ ਰੋਕ ਲਾਈ ਜਾਵੇ ਅਤੇ ਫਿਲਮ ਟੀਮ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਫਿਲਮ ਦੇ ਵਿੱਚ ਵਾਲਮੀਕੀ ਭਾਈਚਾਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। (Punjabi Film) (Neeru Bajwa Productions)
ਫਿਲਮ 'ਚ ਵਾਲਮੀਕ ਸਮਾਜ ਨੂੰ ਦਿਖਾਇਆ ਨੀਵਾਂ: ਇਸ ਮੌਕੇ ਵਾਲਮੀਕ ਸਮਾਜ ਦੇ ਆਗੂ ਅਮਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਫਿਲਮ ਵਿੱਚ ਉੱਚੀ ਜਾਤੀ ਤੇ ਨੀਵੀਂ ਜਾਤੀ ਦੇ ਰੋਲ ਦਿਖਾਏ ਗਏ ਹਨ ਕਿ ਜਿਹੜੇ ਛੋਟੀ ਜਾਤ ਦੇ ਲੋਕ ਨੇ, ਉਹ ਗੋਹਾ ਕੂੜਾ ਚੁੱਕਣ ਵਾਲੇ ਲੋਕ ਹਨ ਤੇ ਉਹ ਕਦੇ ਸਰਪੰਚੀ ਦੀ ਚੋਣ ਨਹੀਂ ਲੜ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫੂਲਨ ਦੇਵੀ ਨੂੰ ਵੀ ਇਸ ਫਿਲਮ 'ਚ ਗਲਤ ਦਿਖਾਇਆ ਗਿਆ ਹੈ, ਜਦਕਿ ਫਿਲਮ ਦੇ ਅਦਾਕਾਰਾਂ ਨੂੰ ਫੂਲਨ ਦੇਵੀ ਦਾ ਇਤਿਹਾਸ ਪਤਾ ਕਰ ਲੈਣਾ ਚਾਹੀਦਾ ਸੀ। ਇਸ ਦੇ ਨਾਲ ਹੀ ਆਗੂਆਂ ਦਾ ਕਹਿਣਾ ਕਿ ਜਦੋਂ ਸਾਡੇ ਬੱਚੇ ਅਜਿਹੀਆਂ ਫਿਲਮਾਂ ਦੇਖਣਗੇ ਤਾਂ ਉਨ੍ਹਾਂ ਉਤੇ ਵੀ ਮਾੜਾ ਪ੍ਰਭਾਵ ਪਵੇਗਾ।