ਅੰਮ੍ਰਿਤਸਰ:ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ 65 ਘੰਟਿਆਂ ਵਿੱਚ ਪਾਕਿਸਤਾਨੀ ਸਰਹੱਦ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਏ ਦੂਜੇ ਡਰੋਨ ਨੂੰ ਮਾਰ ਗਿਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਵਲੋਂ ਡੇਗਿਆ ਡਰੋਨ ਦੇ ਨਾਲ ਡਿਲੀਵਰੀ ਲਈ ਲਿਆਂਦੀ ਖੇਪ ਵੀ ਬਰਾਮਦ ਹੋਈ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਖੇਪ ਨੂੰ ਅਜੇ ਤੱਕ ਨਹੀਂ ਖੋਲ੍ਹਿਆ ਗਿਆ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਇਹ ਡਰੋਨ ਅੰਮ੍ਰਿਤਸਰ ਸਰਹੱਦ ਨਾਲ ਲੱਗਦੇ ਪਿੰਡ ਰਾਣੀਆ ਵੱਲ ਆਇਆ ਸੀ। ਬੀਐਸਐਫ ਦੀ ਬਟਾਲੀਅਨ 22 ਦੇ ਜਵਾਨ ਗਸ਼ਤ ’ਤੇ ਸਨ। ਰਾਤ 9.15 ਵਜੇ ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਰੋਸ਼ਨੀ ਬੰਬ ਵੀ ਸੁੱਟੇ ਗਏ। ਜਿਸ ਤੋਂ ਬਾਅਦ ਦੋ ਗੋਲੀਆਂ ਡਰੋਨ ਨੂੰ ਲੱਗੀਆਂ। ਆਵਾਜ਼ ਬੰਦ ਹੋਣ ਤੋਂ ਬਾਅਦ ਜਵਾਨਾਂ ਨੇ ਨੇੜਲੇ ਖੇਤਾਂ ਵਿੱਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਰਾਣੀਆ ਪਿੰਡ ਦੇ ਖੇਤਾਂ ਵਿੱਚ ਇੱਕ ਡਰੋਨ ਡਿੱਗਿਆ ਮਿਲਿਆ।
ਡਰੋਨ ਬਰਾਮਦ ਹੋਣ ਤੋਂ ਬਾਅਦ ਬੀਐਸਐਫ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ 8 ਪ੍ਰੋਪੈਲਰ ਦੇ ਨਾਲ ਇੱਕ ਆਕਟਾ-ਕਾਪਟਰ DJI ਮੈਟ੍ਰਿਕਸ ਹੈ। ਜਿਸ ਦੇ ਦੋ ਪ੍ਰੋਪੈਲਰ ਗੋਲੀਆਂ ਲੱਗਣ ਨਾਲ ਨੁਕਸਾਨੇ ਗਏ। ਪੂਰੇ ਡਰੋਨ ਦਾ ਕੁੱਲ ਵਜ਼ਨ 12 ਕਿਲੋ ਦੇ ਕਰੀਬ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਇੱਕ ਖੇਪ ਵੀ ਬੰਨ੍ਹੀ ਹੋਈ ਸੀ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।