ਅੰਮ੍ਰਿਤਸਰ: ਨਾਪਾਕ ਮਨਸੂਬਿਆਂ ਨੂੰ ਪੰਜਾਬ ਵਿੱਚ ਅੰਜਾਮ ਦੇਣ ਲਈ ਸਰਹੱਦ ਪਾਰ ਬੈਠੇ ਦੁਸ਼ਮਣ ਅਕਸਰ ਕੋਝੀਆਂ ਚਾਲਾਂ ਚਲਦੇ ਰਹਿੰਦੇ ਹਨ ਪਰ ਹਰ ਵਾਰ ਪੰਜਾਬ ਪੁਲਿਸ ਅਤੇ ਬਾਰਡਰ ਸਿਕਿਓਰਿਟੀ ਫੋਰਸ ਦੀ ਚੌਕਸੀ ਕਾਰਣ ਮਨੂਸਬਿਆਂ ਉੱਤੇ ਪਾਣੀ ਫਿਰ ਜਾਂਦਾ ਹੈ। ਇਸ ਵਾਰ ਵੀ ਅਜਿਹਾ ਹੀ ਕੁੱਝ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਹਾਵਾ ਵਿੱਚ ਵਾਪਰਿਆ। ਦਰਅਸਲ ਬੀਐੱਸਐਫ ਅਤੇ ਅੰਮ੍ਰਿਤਸਰ ਪੁਲਿਸ ਨੇ ਡਰੋਨ ਦੀ ਤਲਾਸ਼ ਵਿੱਚ ਇੱਕ ਸਰਚ ਆਪ੍ਰੇਸ਼ਨ ਚਲਾਇਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਪਿੰਡ ਮਹਾਵਾ ਦੇ ਖੇਤਾਂ ਵਿੱਚੋਂ ਡਰੋਨ ਬਰਾਮਦ ਹੋਇਆ। ਇਸ ਸਬੰਧੀ ਬੀਐੱਸਐੱਫ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਜਾਣਕਾਰੀ ਸਾਂਝੀ ਕੀਤੀ।
'23 ਸਤੰਬਰ ਨੂੰ, ਅਸੀਂ ਅੰਮ੍ਰਿਤਸਰ ਦੇ ਮਹਾਵਾ ਪਿੰਡ ਨੇੜੇ ਇੱਕ ਸ਼ੱਕੀ ਡਰੋਨ ਦੀ ਆਵਾਜਾਈ ਨੂੰ ਰੋਕਿਆ। ਸਾਡੇ ਅਤੇ ਪੰਜਾਬ ਪੁਲਿਸ ਵੱਲੋਂ ਇਲਾਕੇ ਵਿੱਚ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਦੌਰਾਨ ਮਹਾਵਾ ਦੇ ਬਾਹਰਵਾਰ ਝੋਨੇ ਦੇ ਖੇਤ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ। ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ ਹੈ (ਮਾਡਲ: DJI Mavic 3 ਕਲਾਸਿਕ, ਚੀਨ ਵਿੱਚ ਬਣਿਆ)। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਨਾਲ ਇੱਕ ਹੋਰ ਪਾਕਿਸਤਾਨੀ ਡਰੋਨ ਵੀ ਬਰਾਮਦ,'।ਬੀ.ਐੱਸ.ਐੱਫ
ਚੀਨ ਵਿੱਚ ਬਣਿਆ ਡਰੋਨ:ਬਾਰਡਰ ਸਿਕਿਓਰਿਟੀ ਫੋਰਸ ਵੱਲੋਂ ਜਨਤਕ ਕੀਤੀ ਗਈ ਪੋਸਟ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਦੇ ਪਿੰਡ ਮਹਾਵਾ ਨੇੜੇ ਇੱਕ ਸ਼ੱਕੀ ਡਰੋਨ ਦੀ ਹਰਕਤ ਵੇਖਣ ਨੂੰ ਮਿਲੀ। ਇਸ ਤੋਂ ਬਾਅਦ ਬੀਐੱਸਐੱਫ ਰੇਂਜਰਾਂ ਨੇ ਅੰਮ੍ਰਿਸਤਰ ਪੁਲਿਸ ਨਾਲ ਮਿਲ ਕੇ ਸਰਚ ਅਭਿਆਨ (Search campaign) ਚਲਾਇਆ ਤਾਂ ਖੇਤਾਂ ਵਿੱਚੋਂ ਇੱਕ ਕਵਾਡਕਾਰਪਟਰ ਡਰੋਨ ਬਰਾਮਦ ਹੋਇਆ। ਬੀਐੱਸਐੱਫ ਮੁਤਬਿਕ ਇਹ ਕਵਾਡਕਾਰਪਟਰ ਡਰੋਨ ਚੀਨ ਵਿੱਚ ਬਣਾਇਆ ਗਿਆ ਹੈ ਅਤੇ ਇਸ ਨੂੰ ਪਾਕਿਸਤਾਨ ਤੋਂ ਭਾਰਤ ਵੱਲ ਘੱਲਿਆ ਗਿਆ ਸੀ। ਡਰੋਨ ਦੀ ਵਾਧੂ ਜਾਂਚ ਲਈ ਫੋਰੈਂਸਿਕ ਕੋਲ ਭੇਜਿਆ ਗਿਆ।
ਪਿਛਲੇ ਮਹੀਨੇ ਵੀ ਡਰੋਨ ਬਰਾਮਦ: ਦੱਸ ਦਈਏ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਪਿੰਡਾਂ ਵਿੱਚ ਦੋ ਵੱਖ-ਵੱਖ ਥਾਵਾਂ ਉੱਤੇ 2 ਪਾਕਿਸਤਾਨੀ ਡਰੋਨ ਬਰਾਮਦ ਕੀਤੇ ਗਏ ਸਨ। ਇਹ ਡਰੋਨ 6 ਅਗਸਤ ਨੂੰ ਸਵੇਰੇ 10 ਵਜੇ ਦੇ ਕਰੀਬ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਬਰਾਮਦ ਹੋਏ ਸਨ। ਜਿੱਥੇ ਬੀਐੱਸਐਫ ਵੱਲੋਂ ਸਥਾਨਕ ਪੁਲਿਸ ਨਾਲ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਤਨ ਖੁਰਦ ਨੇੜੇ ਇਲਾਕੇ 'ਚ ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਦਾਖਲ ਹੋਣ ਵਾਲੇ ਇੱਕ ਸ਼ੱਕੀ ਉਡਣ ਵਾਲੇ ਡਰੋਨ ਦੀ ਆਵਾਜ਼ ਸੁਣੀ। ਮੌਕੇ 'ਤੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਇਸ ਦੌਰਾਨ ਇੱਕ ਖੇਤ ਵਿੱਚੋਂ ਬੈਟਰੀ ਸਮੇਤ 01 ਡਰੋਨ ਬਰਾਮਦ ਕੀਤਾ।