ਅੰਮ੍ਰਿਤਸਰ: ਪੰਜਾਬ 'ਚ ਸਰਹੱਦ 'ਤੇ ਡਰੋਨ ਦੀਆਂ ਗਤੀਵਿਧੀਆਂ ਲਗਾਤਾਰ ਵਧ ਰਹੀ ਹੈ। ਬੀਐਸਐਫ ਨੇ ਦੋ ਦਿਨਾਂ ਵਿੱਚ ਦੋ ਡਰੋਨ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ, ਪੰਜਾਬ ਪੁਲਿਸ ਨੂੰ ਮਿਲੇ ਇਨਪੁਟਸ ਦੇ ਆਧਾਰ 'ਤੇ ਅੰਮ੍ਰਿਤਸਰ ਬਾਰਡਰ ਤੋਂ ਕੰਡਿਆਲੀ ਤਾਰ ਦੇ ਪਾਰ ਲੁਕਾਈ ਗਈ 2 ਕਿਲੋ ਹੈਰੋਇਨ ਬਰਾਮਦ ਹੋਈ ਜਿਸ ਦੀ ਅੰਤਰਰਾਸ਼ਟਰੀ ਕੀਮਤ 14 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਨੂੰ ਨਸ਼ਾ ਤਸਕਰਾਂ ਨੇ ਕੰਡਿਆਲੀ ਤਾਰ ਦੇ ਅੱਗੇ ਕਰਕੇ ਲੁਕਾਇਆ ਸੀ, ਤਾਂ ਕਿ ਭਾਰਤੀ ਨਸ਼ਾ ਤਸਕਰ ਇਸ ਨੂੰ ਲਿਜਾ ਸਕੇ।
ਤਰਨਤਾਰਨ 'ਚ ਡਰੋਨ ਬਰਾਮਦ ਹੋਇਆ:ਬੀਤੀ ਸ਼ਾਮ ਬੀਐਸਐਫ ਨੇ ਤਰਨਤਾਰਨ ਤੋਂ ਇੱਕ ਡਰੋਨ ਵੀ ਬਰਾਮਦ ਕੀਤਾ ਸੀ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇਹ ਡਰੋਨ 9 ਜੂਨ ਦੀ ਰਾਤ ਨੂੰ ਡੇਗਿਆ ਗਿਆ ਸੀ। ਪਰ ਤਲਾਸ਼ੀ ਦੌਰਾਨ ਉਹ ਨਹੀਂ ਮਿਲਿਆ। ਗਸ਼ਤ ਦੌਰਾਨ ਜਵਾਨਾਂ ਨੂੰ ਇਹ ਡਰੋਨ ਖੇਤਾਂ 'ਚ ਟੁੱਟੀ ਹਾਲਤ 'ਚ ਮਿਲਿਆ। ਇਹ ਕਵਾਡਕਾਪਟਰ DJI Matrix 300 RTK ਵੀ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਭਾਰਤੀ ਸਰਹੱਦ 'ਤੇ ਹੈਰੋਇਨ ਦੀ ਖੇਪ ਭੇਜਣ ਲਈ ਕਰਦੇ ਹਨ।
ਫੜੇ ਗਏ ਕਿਸਾਨ ਨੇ ਦਿੱਤੀ ਜਾਣਕਾਰੀ: ਇਸ ਤੋਂ ਇਲਾਵਾ 11 ਜੂਨ 2023 ਨੂੰ, BSF ਦੀ ਵਿਸ਼ੇਸ਼ ਸੂਚਨਾ 'ਤੇ, ਇੱਕ ਸ਼ੱਕੀ ਕਿਸਾਨ ਦੀ ਸ਼ਨਾਖਤ ਕੀਤੀ ਗਈ ਸੀ ਅਤੇ ਉਸ ਨੂੰ ਪਿੰਡ-ਭੈਰੋਪਾਲ, ਜ਼ਿਲ੍ਹਾ-ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਨੇ ਫੜਿਆ ਸੀ। ਇਸ ਸਬੰਧ ਵਿੱਚ ਬੀਐਸਐਫ ਵੱਲੋਂ ਪੁਲਿਸ ਸਟੇਸ਼ਨ ਵਿੱਚ ਸ਼ੱਕੀ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ ਸੀ। ਕਿਸਾਨ ਦੀ ਪਛਾਣ ਕਰਕੇ ਉਸ ਤੋਂ ਪੁੱਛਗਿੱਛ ਕਰਨ 'ਤੇ ਉਸ ਨੇ ਖੁਲਾਸਾ ਕੀਤਾ ਕਿ ਇਹ ਖੇਪ ਸਰਹੱਦੀ ਕੰਡਿਆਲੀ ਤਾਰ ਦੇ ਅੱਗੇ ਛੁਪਾਈ ਹੋਈ ਸੀ। ਉਸ ਨੂੰ ਸਰਹੱਦੀ ਵਾੜ ਤੋਂ ਅੱਗੇ ਉਸ ਥਾਂ 'ਤੇ ਲਿਆਂਦਾ ਗਿਆ, ਜਿੱਥੇ ਉਸ ਨੇ ਇਹ ਖੇਪ ਲੁਕੋਈ ਸੀ।