ਅੰਮ੍ਰਿਤਸਰ :ਕਈ ਦਿਨਾਂ ਤੋਂ ਕੈਨੇਡਾ ਸਰਕਾਰ ਵਲੋਂ ਕੈਨੇਡਾ ਵਿੱਚ ਹੋਏ ਕਥਿਤ ਜਾਅਲੀ ਦਾਖਲਾ ਪੱਤਰ ਕੇਸ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਨਾਲ ਭਾਰਤੀ ਮਾਪੇ ਤਾਂ ਪਰੇਸ਼ਾਨੀ ਝੱਲ ਹੀ ਰਹੇ ਹਨ, ਦੂਜੇ ਪਾਸੇ ਡਿਪੋਰਟ ਹੋਣ ਵਾਲੇ ਵਿਦਿਆਰਥੀਆਂ ਦਾ ਭਵਿੱਖ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਦਿਸ ਰਿਹਾ ਹੈ। ਇਸ ਮਾਮਲੇ ਵਿੱਚ ਕੈਨੇਡਾ ਤੋਂ ਡਿਪੋਰਟ ਨਾ ਕੀਤੇ ਜਾਣ ਦੀ ਮੰਗ ਕਰਦਿਆਂ ਵਿਦਿਆਰਥੀਆਂ ਵਲੋਂ ਸ਼ਾਂਤਮਈ ਤਰੀਕੇ ਨਾਲ ਧਰਨੇ ਅਤੇ ਪ੍ਰਦਰਸ਼ਨ ਕਰਨ ਦੀਆਂ ਤਸਵੀਰਾਂ ਵੀ ਆ ਰਹੀਆਂ ਹਨ।
ਇਨ੍ਹਾਂ ਨੇ ਸਮਝਿਆਂ ਦਰਦ : ਹੁਣ ਓਨਟਾਰੀਓ (ਕੈਨੇਡਾ) ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਮੈਂਬਰ ਅਮਰਜੋਤ ਸੰਧੂ (ਬਰੈਂਪਟਨ ਵੈਸਟ) ਦੀ ਅਗਵਾਈ ਵਿੱਚ ਗ੍ਰਾਹਮ ਮੈਕਗ੍ਰੇਗਰ (ਬਰੈਂਪਟਨ ਨਾਰਥ), ਹਰਦੀਪ ਗਰੇਵਾਲ (ਬਰੈਂਪਟਨ ਈਸਟ), ਚਾਰਮੇਨ ਵਿਲੀਅਮਜ਼ (ਬਰੈਂਪਟਨ ਸੈਂਟਰ) ਅਤੇ ਪ੍ਰਭਮੀਤ ਸਰਕਾਰੀਆ (ਬਰੈਂਪਟਨ ਸਾਊਥ) ਨੇ ਸਾਂਝੇ ਤੌਰ ਤੇ ਕੈਨੇਡੀਅਨ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਸੀਨ ਫਰੇਜ਼ਰ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਅਪੀਲ ਕੀਤੀ ਗਈ ਹੈ ਕਿ ਸਰਕਾਰ ਆਪਣੇ ਇਸ ਫੈਸਲੇ ਉੱਤੇ ਮੁੜ ਵਿਚਾਰ ਕਰੇ, ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਖਰਾਬ ਨਾ ਹੋਵੇ।
ਇਹ ਲਿਖਿਆ ਪੱਤਰ :ਜਿਕਰਯੋਗ ਹੈ ਕਿ ਇਸ ਪੱਤਰ ਵਿੱਚ ਬਰੈਂਪਟਨ ਦੀ ਨੁਮਾਇੰਦਗੀ ਕਰਨ ਵਾਲੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਮੈਂਬਰ ਅਮਰਜੋਤ ਸੰਧੂ, ਗ੍ਰਾਹਮ ਮੈਕਗ੍ਰੇਗਰ, ਹਰਦੀਪ ਗਰੇਵਾਲ, ਚਾਰਮੇਨ ਵਿਲੀਅਮਜ਼ ਅਤੇ ਪ੍ਰਭਜੀਤ ਸਰਕਾਰੀਆ ਨੇ ਕੈਨੇਡਾ ਸਰਕਾਰ ਨੂੰ ਅਪੀਲ ਕਰਦੇ ਕਿਹਾ ਹੈ ਕਿ ਕੈਨੇਡਾ ਵਿੱਚ ਹਾਲ ਹੀ ਵਿੱਚ ਹੋਏ ਕਥਿਤ ਜਾਅਲੀ ਦਾਖਲਾ ਪੱਤਰ ਕੇਸ ਵਿੱਚ ਸ਼ਾਮਲ ਭਾਰਤੀ ਵਿਦਿਆਰਥੀਆਂ ਦੇ ਦੇਸ਼ ਨਿਕਾਲੇ ਨੂੰ ਮੁਅੱਤਲ ਕਰਨ ਲਈ ਉਹ ਫੈਡਰਲ ਸਰਕਾਰ ਨੂੰ ਬੇਨਤੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਬਰੈਂਪਟਨ ਆਪਣੀ ਵਿਭਿੰਨਤਾ ਲਈ ਮਸ਼ਹੂਰ ਹੈ ਅਤੇ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਦਾ ਇਹ ਘਰ ਵੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਸਾਡੇ ਭਾਈਚਾਰੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਜਦੋਂ ਕਿ ਅਸੀਂ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਬਣਾਈ ਰੱਖਣ ਦੀ ਲੋੜ ਨੂੰ ਵੀ ਜਰੂਰੀ ਸਮਝਦੇ ਹਾਂ। ਇਹ ਵੀ ਮੰਨਦੇ ਹਾਂ ਕਿ ਇਸ ਮਾਮਲੇ ਵਿੱਚ ਉਨ੍ਹਾਂ ਨਾਲ ਇੱਕ ਹਮਦਰਦੀ ਵਾਲੀ ਪਹੁੰਚ ਵਰਤਣੀ ਵੀ ਜਰੂਰੀ ਹੈ।