ਅੰਮ੍ਰਿਤਸਰ:ਨਵੇਂ ਸਾਲ ਦੀ ਸ਼ੁਰੂਆਤ ਨੂੰ ਲੈ ਕੇ, ਜਿੱਥੇ ਪੁਲਿਸ ਵੱਲੋਂ ਹਰ ਚੱਪੇ-ਚੱਪੇ 'ਤੇ ਨਾਕੇਬੰਦੀ ਕਰਕੇ ਸਖਤੀ ਵਿਖਾਈ ਜਾ ਰਹੀ ਹੈ, ਉਥੇ ਹੀ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਉੱਪਰ ਕੁਝ ਬਦਮਾਸ਼ਾਂ ਵੱਲੋਂ ਇੱਕ ਗਲੀ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਅਤੇ ਬਦਮਾਸ਼ਾਂ ਵੱਲੋਂ ਗਲੀ ਦੇ ਵਿੱਚ ਖੜੀਆਂ ਕਾਰਾਂ ਦੀ ਵੀ ਭੰਨਤੋੜ ਕੀਤੀ ਗਈ। ਇੰਨਾ ਹੀ ਨਹੀਂ, ਗਲੀ ਵਿੱਚ ਜੇਕਰ ਕੋਈ ਵਿਅਕਤੀ ਉਨ੍ਹਾਂ ਬਦਮਾਸ਼ਾਂ ਨਾਲ ਗੱਲ ਕਰਨ ਲਈ ਅੱਗੇ ਆਇਆ, ਤਾਂ ਉਨ੍ਹਾਂ ਨੂੰ ਵੀ ਜਖ਼ਮੀ ਕਰ ਦਿੱਤਾ।
ਗਲੀ ਵਿੱਚ ਰਹਿਣ ਵਾਲੇ ਨੌਜਵਾਨ ਨਾਲ ਰੰਜਿਸ਼ : ਅੰਮ੍ਰਿਤਪਾਲ ਦੀ ਮਾਤਾ ਸਰਬਜੀਕ ਕੌਰ ਨੇ ਦੱਸਿਆ ਕਿ ਮੇਰੇ ਪੁੱਤਰ ਨਾਲ 4-5 ਮਹੀਨੇ ਪਹਿਲਾਂ ਇੰਨ੍ਹਾਂ ਦੀ ਲੜਾਈ ਸੀ, ਪਰ ਸਾਰਾ ਨਿਪਟਾਰਾ ਹੋ ਚੁੱਕਾ ਹੈ। ਪਰ, ਹੁਣ ਫਿਰ ਇਨ੍ਹਾਂ ਬਦਮਾਸ਼ਾਂ ਵਲੋਂ ਮੇਰੇ ਪੁੱਤਰ ਉੱਤੇ ਹਮਲਾ ਕਰਨ ਲਈ ਪਹੁੰਚੇ ਸਨ। ਆਪਣੀ ਰੰਜਿਸ਼ ਦਾ ਬਦਲਾ ਲੈਣ ਲਈ ਇਹ ਬਦਮਾਸ਼ ਗਲੀ ਵਿੱਚ ਆਏ ਸਨ ਅਤੇ ਅੰਮ੍ਰਿਤਪਾਲ ਗਲੀ ਵਿੱਚ ਨਾ ਮਿਲਣ 'ਤੇ ਇਨ੍ਹਾਂ ਬਦਮਾਸ਼ਾਂ ਵੱਲੋਂ ਗਲੀ ਵਿੱਚ ਹੰਗਾਮਾ ਕੀਤਾ ਗਿਆ। ਗਲੀ ਵਿੱਚ ਮੌਜੂਦ ਲੋਕਾਂ ਉੱਪਰ ਹਮਲਾ ਕੀਤਾ ਗਿਆ ਅਤੇ ਗਲੀ ਵਿੱਚ ਮੌਜੂਦ ਕਾਰਾਂ ਤੱਕ ਦੀ ਭੰਨਤੋੜ ਕਰ ਦਿੱਤੀ ਗਈ। ਇਸ ਹਮਲੇ ਦੌਰਾਨ ਦੋ ਔਰਤਾਂ ਗੰਭੀਰ ਰੂਪ ਵਿੱਚ ਜਖ਼ਮੀ ਵੀ ਹੋਈਆਂ ਹਨ, ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਗੁੰਡੇ ਸ਼ਾਮ ਵੇਲ੍ਹੇ ਆਏ ਸਨ ਅਤੇ ਧਮਕੀਆਂ ਦੇ ਕੇ ਗਏ ਸਨ।