ਅੰਮ੍ਰਿਤਸਰ:ਪਿਛਲੇ ਦਿਨੀਂ ਅਜਨਾਲਾ ਦੇ ਥਾਣੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਲਗਾਤਾਰ ਹੀ ਪੰਜਾਬ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਲੰਘੇ ਕੱਲ੍ਹ ਦੂਸਰੇ ਪਾਸੇ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਦੇ ਵਿੱਚ ਗੈਂਗਸਟਰਾਂ ਦੀ ਹੋਈ ਗੈਂਗਵਾਰ ਅਤੇ ਗੈਂਗਸਟਰਾਂ ਵੱਲੋਂ ਜੇਲ੍ਹ ਵਿੱਚ ਬਣਾਈ ਵੀਡੀਓ ਤੋਂ ਬਾਅਦ ਵੀ ਇਕ ਵਾਰ ਫਿਰ ਪੰਜਾਬ ਦੀ ਮਾਨ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਘਿਰੀ ਹੋਈ ਨਜ਼ਰ ਆ ਰਹੀ ਹੈ। ਵਿਰੋਧੀ ਲਗਾਤਾਰ ਸਰਕਾਰ ਦੇ ਕਾਨੂੰਨ ਪ੍ਰਬੰਧ ਉੱਤੇ ਨਿਸ਼ਾਨੇਂ ਲਾ ਰਹੇ ਹਨ। ਅਜਨਾਲੇ ਦੀ ਘਟਨਾ ਤੋਂ ਤੁਰੰਤ ਬਾਅਦ ਇਹ ਘਟਨਾ ਕਈ ਤਰ੍ਹਾਂ ਦੇ ਸਿਆਸੀ ਪ੍ਰਤੀਕਰਮ ਲੈ ਰਹੀ ਹੈ।
ਭਾਜਪਾ ਕਰੇਗੀ ਸਰਕਾਰ ਦਾ ਵਿਰੋਧ:ਪੰਜਾਬ ਵਿਚ ਇਕ ਵਾਰ ਫਿਰ ਜੇਲ੍ਹਾਂ ਅੰਦਰਲੇ ਹਾਲਾਤ ਉੱਤੇ ਸਿਆਸਤ ਭੱਖ ਚੁੱਕੀ ਹੈ ਅਤੇ 9 ਮਾਰਚ ਨੂੰ ਹੋਣ ਜਾ ਰਹੀ ਵਿਧਾਨ ਸਭਾ ਸੈਸ਼ਨ ਦਾ ਭਾਜਪਾ ਵੱਲੋਂ ਵਿਰੋਧ ਵੀ ਕੀਤਾ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਜਨਾਲਾ ਘਟਨਾ ਤੋਂ ਬਾਅਦ ਹੁਣ ਤੱਕ ਅੰਮ੍ਰਿਤਪਾਲ ਸਿੰਘ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਕਾਨੂੰਨੀ ਜਾਂ ਪੁਲਿਸ ਕਾਰਵਾਈ ਨਹੀਂ ਹੋਈ ਹੈ। ਦੂਜੇ ਪਾਸੇ ਤਰਨਤਾਰਨ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਜਿਸ ਤਰੀਕੇ ਨਾਲ ਗੈਂਗਸਟਰ ਵੀਡੀਓ ਬਣਾ ਰਹੇ ਹਨ ਅਜਿਹਾ ਲੱਗਦਾ ਹੈ ਕਿ ਆਪ ਸਰਕਾਰ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦੀ ਹੈ।