ਅੰਮ੍ਰਿਤਸਰ: ਪੰਜਾਬ ਵਿੱਚ ਨਵੀਂ ਬਣੀ ਭਗਵੰਤ ਮਾਨ ਸਰਕਾਰ ਦਾ ਇੱਕ ਮਹੀਨਾ ਪੂਰਾ ਹੋਣ ਨੂੰ ਲੈਕੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਲਗਾਤਾਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਮਾਨ ਸਰਕਾਰ ਉੱਪਰ ਪੰਜਾਬ ਦੇ ਮੁੱਦਿਆਂ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਤੋਂ ਭਾਜਪਾ ਦੇ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਵਾਰਤਾ ਕੀਤੀ ਗਈ।
ਪ੍ਰੈੱਸ ਵਾਰਤਾ ਦੌਰਾਨ ਉਨ੍ਹਾਂ ਨੇ ਜਿੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ’ਤੇ ਕਈ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਵੱਲੋਂ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਸੋਹਲੇ ਗਾਏ ਗਏ। ਇਸਦੇ ਨਾਲ ਹੀ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਹੁਣ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਪਹੁੰਚ ਰਹੇ ਹਨ ਪਰ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਅਜਿਹੀਆਂ ਵੀ ਦੇਖ ਰਹੇ ਹਾਂ ਕਿ ਕਿਸਾਨ ਆਪਣੀ ਫਸਲ ਲੈ ਕੇ ਅੰਬਾਨੀ-ਅਡਾਨੀ ਦੇ ਗੋਦਾਮਾਂ ਵਿੱਚ ਪਹੁੰਚ ਰਹੇ ਹਨ ਤੇ ਉਨ੍ਹਾਂ ਨੂੰ ਆਪਣੀ ਫ਼ਸਲ ਮਹਿੰਗੇ ਭਾਅ ’ਤੇ ਵੇਚ ਰਹੇ ਹਨ।
ਸ਼ਵੇਤ ਮਲਿਕ ਨੇ ਕਿਹਾ ਕਿ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦਾ ਪਹਿਲਾਂ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਹੁਣ ਉਹੀ ਕਿਸਾਨ ਅੰਡਾਨੀਆਂ ਦੇ ਗੋਦਾਮਾਂ ਵਿੱਚ ਲੰਮੀਆਂ ਲਾਈਨਾਂ ਲਗਾ ਆਪਣੀ ਕਣਕ ਵੇਚ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਲਿਆਂਦੇ ਸੀ ਉਹ ਵੀ ਕਿਸਾਨਾਂ ਦੀ ਬਿਹਤਰੀ ਲਈ ਲਿਆਂਦੇ ਸੀ ਤਾਂ ਕਿ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਸਿਲੰਡਰ ’ਤੇ ਸਬਸਿਡੀ ਖ਼ਤਮ ਕੀਤੀ ਹੈ ਉਸ ’ਤੇ ਉਹ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਕਿਉਂਕਿ ਸਿਲੰਡਰ ਦੀ ਸਬਸਿਡੀ ਹੁਣ ਉਨ੍ਹਾਂ ਲੋਕਾਂ ਨੂੰ ਮਿਲ ਰਹੀ ਹੈ ਜਿੰਨ੍ਹਾਂ ਦੇ ਘਰ ਚੁੱਲ੍ਹਾ ਵੀ ਨਹੀਂ ਸੀ ਬਲਦਾ ਅਤੇ ਘਰੇਲੂ ਸਿਲੰਡਰਾਂ ਦੀ ਸਬਸਿਡੀ ਹੁਣ ਉਨ੍ਹਾਂ ਲੋਕਾਂ ਨੂੰ ਫਾਇਦਾ ਦੇ ਰਹੀ ਹੈ ਤਾਂ ਜੋ ਕਿ ਹਰ ਇੱਕ ਦੇ ਘਰ ਚੁੱਲ੍ਹਾ ਬਲ ਸਕੇ।