ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ 'ਤੇ ਕਰੜੇ ਵਾਰ ਕੀਤੇ।
ਬਹੁਜਨ ਸਮਾਜ ਪਾਰਟੀ ਦੇ ਆਗੂ ਜਸਵੀਰ ਸਿੰਘ ਗੜ੍ਹੀ ਵਿਸ਼ੇਸ਼ ਤੌਰ ’ਤੇ ਕਿਸਾਨੀ ਸੰਘਰਸ਼ ਦੀ ਜਿੱਤ ਦੀ ਪ੍ਰਾਪਤੀ ਲਈ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਬਸਪਾ ਪਾਰਟੀ ਵੱਲੋਂ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਹੁਣ ਗੁਰਦੁਆਰਾ ਸਾਹਿਬ ਜਾਣਾ ਯਾਦ ਆ ਗਿਆ ਜਦੋਂ ਕਿ ਉਹ ਪਿਛਲੇ 8 ਸਾਲਾਂ ਵਿੱਚ ਦਿੱਲੀ ਦੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਨਹੀਂ ਗਏ? ਗੜ੍ਹੀ ਨੇ ਬੀਜੇਪੀ ਸਰਕਾਰ ’ਤੇ ਵਰਦ੍ਹਿਆਂ ਕਿਹਾ ਕਿ ਕੇਂਦਰ ਵੱਲੋਂ ਕਿਸਾਨੀ ਸੰਘਰਸ਼ ਨੂੰ ਖ਼ਾਲਿਸਤਾਨ ਤੇ ਕਦੇ ਮਾਓਵਾਦ ਨਾਲ ਜੋੜਿਆ ਜਾਂਦਾ ਹੈ ਤੇ ਕਦੇ ਕਿਹਾ ਜਾਂਦਾ ਹੈ ਕਿ ਵਿਦੇਸ਼ਾਂ ਵਿੱਚੋਂ ਕਿਸਾਨਾਂ ਨੂੰ ਫੰਡਿੰਗ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਇਸ ਸੰਘਰਸ਼ ਨੂੰ ਵਿਦੇਸ਼ੀ ਫੰਡਿੰਗ ਦੇ ਨਾਂ 'ਤੇ ਤਾਰਪੀਡੋ ਨਹੀਂ ਕਰ ਸਕਦੀ ਕਿਉਂਕਿ ਕਿਸਾਨਾਂ ਦੇ ਪੁੱਤ, ਧੀਆਂ ਵਿਦੇਸ਼ਾਂ ਵਿਚ ਜਾ ਕੇ ਮਿਹਨਤਾਂ ਕਰ ਰਹੇ ਹਨ ਤੇ ਉਹ ਕਿਸਾਨ ਧਰਨੇ ’ਚ ਬੈਠੇ ਮਾਪਿਆਂ ਲਈ ਪੈਸੇ ਭੇਜ ਰਹੇ ਹਨ। ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬੀ ਤਾਂ ਉਹ ਕੌਮ ਹੈ, ਜਿਨ੍ਹਾਂ ਨੇ ਦਿੱਲੀ ਦਾ ਤਖ਼ਤ ਘੋੜਿਆਂ ਨਾਲ ਬੰਨ ਕੇ ਦਰਬਾਰ ਸਾਹਿਬ ਲਿਆਂਦਾ ਸੀ ਤੇ ਹੁਣ ਮੋਦੀ ਦੇ ਤਖ਼ਤ ਨੂੰ ਵੀ ਖਿੱਚ ਲਿਆਵਾਂਗੇ।