ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਦਿਹਾਤੀ ਦੇ ਵਿਧਾਨ ਸਭਾ ਹਲਕਾ ਮਜੀਠਾ ਅਧੀਨ ਪੈਂਦੇ ਕਸਬਾ ਚਵਿੰਡਾ ਦੇਵੀ ਵਿਖੇ ਇਕ ਟ੍ਰੈਕਟਰ ਟਰਾਲੀ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਚਾਰ ਸਾਲ ਦੇ ਬੱਚੇ ਦੀ ਮੌਤ ਹੋ ਗਈ। ਜਦ ਕਿ ਉਸਦੀ ਮਾਤਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ। ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨਟ ਮੰਤਰੀ ਬਿਕਰਮ ਮਜੀਠੀਆ ਉਨ੍ਹਾਂ ਦੇ ਘਰ ਪਹੁੰਚੇ।
302 ਧਾਰਾ ਅਧੀਨ ਪਰਚਾ ਦਰਜ:ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬੀਤੇ ਦਿਨੀ ਸੜਕ ਹਾਦਸੇ ਵਿੱਚ ਇੱਕ ਮਾਸੂਮ ਦੀ ਮੌਤ ਹੋ ਗਈ। ਮਜੀਠੀਆ ਨੇ ਕਿਹਾ ਕਿ ਪਰਿਵਾਰ ਲਈ ਉਨ੍ਹਾਂ ਦੇ ਪੁੱਤਰ ਦਾ ਇਸ ਤਰ੍ਹਾਂ ਚਲੇ ਜਾਣਾ ਬਹੁਤ ਦੁੱਖਦਾਈ ਘਟਨਾ ਹੈ । ਜਿਸ ਲਈ ਅੱਜ ਉਹ ਪਰਿਵਾਰ ਨਾਲ ਅਫਸੋਸ ਪ੍ਰਗਟਾਉਣ ਪੁੱਜੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਹਲਕੇ ਦੇ ਹਰ ਦੁੱਖ ਸੁੱਖ ਵਿੱਚ ਹਮੇਸ਼ਾ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਿਨਾ ਸੋਚੇ ਸਮਝੇ ਅਤੇ ਬਿਨਾ ਕਥਿਤ ਜਾਂਚ ਦੇ ਕਿਸੇ ਤੇ 302 ਧਾਰਾ ਅਧੀਨ ਪਰਚਾ ਦਰਜ ਕਰਨਾ ਬੜੀ ਹੀ ਸ਼ਰਮ ਵਾਲੀ ਗੱਲ ਹੈ।
ਪੁਲਿਸ ਆਪਣੀ ਮਨਮਰਜੀ ਕਰ ਰਹੀ: ਬਿਕਰਮ ਮਜੀਠੀਆ ਨੇ ਕਿਹਾ ਕਿ ਇਸ ਬੱਚੇ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ, ਕਿ ਉਹ ਅਫ਼ਸਰ ਜਿਸ ਨੇ ਇਸ ਦੇ ਪਿਤਾ ਉਤੇ 302 ਵਰਗੀ ਧਾਰਾ ਲਾ ਕੇ ਜੇਲ੍ਹ ਭੇਜ ਦਿੱਤਾ। ਕਿਉਂਕਿ ਬੱਚੇ ਦੀ ਮਾਤਾ ਆਪਣੇ ਪਤੀ ਨੂੰ ਬਚਾਉਣ ਅਤੇ ਗਰੀਬ ਪਰਿਵਾਰ ਹੋਣ ਕਾਰਨ ਪੈਸੇ ਦਾ ਇੰਤਜਾਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਸ ਦੌਰਾਨ ਹੀ ਵਾਪਰੇ ਉਕਤ ਮੰਦਭਾਗੇ ਸੜਕ ਹਾਦਸੇ ਵਿੱਚ ਬੱਚੇ ਦੀ ਮੌਤ ਹੋ ਗਈ। ਮਜੀਠੀਆ ਨੇ ਪੁਲਿਸ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਖਾਸਕਰ ਮਜੀਠੇ ਹਲਕੇ ਵਿੱਚ ਪੁਲਿਸ ਆਪਣੀ ਮਨਮਰਜੀ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹੋ-ਜਿਹੇ ਥਾਣੇਦਾਰ ਉੱਤੇ ਉੱਚ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਹੋਰ ਇਮਾਨਦਾਰ ਅਫ਼ਸਰ ਵੱਲੋਂ ਲੋਕਾਂ ਨੂੰ ਇਨਸਾਫ ਮਿਲ ਸਕੇ।