ਅੰਮ੍ਰਿਤਸਰ :ਬੀਤੇ ਦਿਨੀਂ ਅੰਮ੍ਰਿਤਸਰ ਸ਼ਹਿਰ ਵਿਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਅਤੇ ਗੁਰੂ ਰਾਮਦਾਸ ਸਰਾਂ ਨੇੜੇ ਹੋਏ ਧਮਾਕਿਆਂ ’ਚ ਵੱਡੇ ਖੁਲਾਸੇ ਹੋਏ ਹਨ। ਇੰਨ੍ਹਾਂ ਧਮਾਕਿਆਂ ਵਿੱਚ ਪੁਲਿਸ ਵਲੋਂ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਧਮਾਕਿਆਂ 'ਚ ਸ਼ਾਮਲ ਮੁਲਜ਼ਮਾਂ ਨੇ ਵੱਡਾ ਖ਼ੁਲਾਸਾ ਕੀਤਾ ਹੈ। ਪੁਲਿਸ ਵੱਲੋਂ ਪੁੱਛ-ਗਿੱਛ ਦੌਰਾਨ ਉਕਤ ਮੁਲਜ਼ਮਾਂ ਨੇ ਦੱਸਿਆ ਕਿ ਇਹ ਸਾਰਾ ਘਟਨਾਕ੍ਰਮ ਅੰਮ੍ਰਿਤਪਾਲ ਸਿੰਘ ’ਤੇ ਐੱਨ. ਐੱਸ. ਏ. ਲਗਾਉਣ ਦੇ ਵਿਰੋਧ ’ਚ ਕੀਤਾ ਗਿਆ ਹੈ। ਇਸ ਪੂਰੇ ਘਟਨਾਕ੍ਰਮ ਦਾ ਮਾਸਟਰਮਾਈਂਡ ਆਜ਼ਾਦਵੀਰ ਸਿੰਘ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਕੱਟੜ ਸਮਰਥਕ ਹੈ।
ਦਹਿਸ਼ਤ ਦਾ ਮਾਹੌਲ ਹੀ ਪੈਦਾ ਕਰਨਾ ਚਾਹੁੰਦੇ ਸੀ: ਜਾਂਚ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਕਿਸੇ ਜਥੇਬੰਦੀ ਨਾਲ ਸਬੰਧਤ ਹੋਣ ਦੀ ਗੱਲ ਨਹੀਂ ਮੰਨੀ ਤੇ ਨਾ ਹੀ ਉਨ੍ਹਾਂ ਖਿਲਾਫ ਕੋਈ ਗੰਭੀਰ ਅਪਰਾਧਕ ਰਿਕਾਰਡ ਹੈ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਕੋਈ ਜਾਨੀ ਨੁਕਸਾਨ ਨਹੀਂ ਕਰਨਾ ਚਾਹੁੰਦੇ ਸੀ। ਉਹ ਸਿਰਫ ਦਹਿਸ਼ਤ ਦਾ ਮਾਹੌਲ ਹੀ ਪੈਦਾ ਕਰਨਾ ਚਾਹੁੰਦੇ ਸੀ। ਉਧਰ, ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਵੱਲੋਂ ਸਿਰਫ਼ ਤਿੰਨ ਬੰਬ ਹੀ ਨਹੀਂ ਸੀ ਸੁੱਟੇ ਗਏ ਸੀ ਬਲਕਿ ਉਨ੍ਹਾਂ ਨੇ ਪੱਤਰ ਵੀ ਸੁੱਟੇ ਸਨ। ਜਿਨ੍ਹਾਂ ਵਿੱਚ ਉਨ੍ਹਾਂ ਨੇ ਧਮਾਕੇ ਕਰਨ ਪਿਛਲੇ ਆਪਣੇ ਇਰਾਦੇ ਜ਼ਾਹਿਰ ਕੀਤੇ ਸਨ। ਪੁਲਿਸ ਦਾ ਦਾਅਵਾ ਹੈ ਕਿ ਪਹਿਲੇ ਦੋ ਬੰਬਾਂ ਨਾਲ ਸੁੱਟੇ ਪੱਤਰ ਪੂਰੀ ਤਰ੍ਹਾਂ ਸੜ ਗਏ ਸਨ। ਬਚੇ ਹੋਏ ਪੱਤਰਾਂ ਦੇ ਕੁਝ ਟੁੱਕੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਗੁਰੂ ਰਾਮ ਦਾਸ ਸਰਾਂ ਦੇ ਪਾਰਕ ਵਿੱਚੋਂ ਇਕੱਠੇ ਕੀਤੇ ਗਏ। ਇਨ੍ਹਾਂ ਵਿੱਚ ਮੁਲਜ਼ਮਾਂ ਨੇ ਲੜੀਵਾਰ ਧਮਾਕੇ ਕਰਨ ਪਿਛਲੇ ਆਪਣੇ ਇਰਾਦੇ ਦੱਸੇ ਸਨ।
ਸਾਥੀਆਂ ਖ਼ਿਲਾਫ਼ ਕੀਤੀ ਕਾਰਵਾਈ: ਇਸ ਤੋਂ ਇਲਾਵਾ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੀਤੀ ਕਾਰਵਾਈ ਨੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਸੀ। ਉਨ੍ਹਾਂ ਲਿਖਿਆ ਕਿ ਉਹ ਕੇਸ ਕਟਵਾਉਣ ਦੇ ਖ਼ਿਲਾਫ਼ ਹਨ ਤੇ ਵਾਲਾਂ ਨੂੰ ਕੈਂਚੀ ਲਵਾਉਣਾ ਗ਼ਲਤ ਹੈ। ਉਹ ਅੰਮ੍ਰਿਤਸਰ ਵਿੱਚ ਆਸਾਨੀ ਨਾਲ ਵਿਕ ਰਹੇ ਤੰਬਾਕੂ ਕਾਰਨ ਵੀ ਪ੍ਰੇਸ਼ਾਨ ਸਨ। ਦੱਸਣਯੋਗ ਹੈ ਕਿ ਧਮਾਕੇ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਪਛਾਣ ਆਜ਼ਾਦ ਵੀਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਵਡਾਲਾ ਕਲਾਂ ਬਾਬਾ ਬਕਾਲਾ, ਅਮਰੀਕ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਗੁਰਦਾਸਪੁਰ, ਸਾਹਿਬ ਸਿੰਘ ਵਾਸੀ ਗੇਟ ਹਕੀਮਾਂ,ਧਰਮਿੰਦਰ ਸਿੰਘ ਅਤੇ ਹਰਜੀਤ ਸਿੰਘ ਵਾਸੀ 88 ਫੁੱਟ ਸੜਕ ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜ਼ਮ ਅਮਰੀਕ ਸਿੰਘ ਦੀ ਪਤਨੀ ਨੂੰ ਵੀ ਪੁਲਿਸ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਸ ਦੀ ਜਾਂਚ ਚੱਲ ਰਹੀ ਹੈ ਕਿ ਕੀ ਉਸ ਦਾ ਇਸ ਸਾਰੇ ਘਟਨਾਕ੍ਰਮ ਨਾਲ ਸਬੰਧ ਹੈ ਜਾਂ ਨਹੀਂ?
- Person Arrest With Heroin: ਫਰੀਦਕੋਟ CIA ਸਟਾਫ ਪੁਲਿਸ ਨੇ ਹੈਰੋਇਨ ਤੇ ਪਿਸਤੌਲ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
- ਮਿਕਸ ਲੈਂਡ ਇੰਡਸਟਰੀ ਨੂੰ ਲੈ ਕੇ ਚਿੰਤਾ ਵਿੱਚ ਕਾਰੋਬਾਰੀ, ਵਿਧਾਇਕ ਨੇ ਦਿਵਾਇਆ ਭਰੋਸਾ, ਕਿਹਾ-"5 ਸਾਲ ਲਈ ਐਕਸਟੈਨਸ਼ਨ ਦੇਣਾ ਮੇਰੀ ਜ਼ਿੰਮੇਵਾਰੀ"
- ਕੇਸ ਦੀ ਸੁਣਵਾਈ 'ਚ ਸ਼ਾਮਿਲ ਹੋਣ ਅੰਮ੍ਰਿਤਸਰ ਅਦਾਲਤ ਪਹੁੰਚੇ ਸੁਖਬੀਰ ਬਾਦਲ, ਵੱਖ-ਵੱਖ ਮਸਲਿਆਂ ਉੱਤੇ 'ਆਪ' ਨੂੰ ਲਿਆ ਨਿਸ਼ਾਨੇ 'ਤੇ
ਡਰਨ ਘਬਰਾਉਣ ਦੀ ਲੋੜ ਨਹੀਂ : ਉਧਰ ਪੁਲਿਸ ਮੁਤਾਬਕ ਮੁਲਜ਼ਮ ਅਜ਼ਾਦਵੀਰ ਨੇ ਬੰਬ ਨਾਲ ਸੁੱਟੇ ਗਏ ਪੱਤਰ ਪੰਜਾਬੀ ਵਿੱਚ ਲਿਖੇ ਸਨ। ਪੱਤਰਾਂ ਮੁਤਾਬਕ ਮੁਲਜ਼ਮ ਉਸ ਬਿਆਨ ਤੋਂ ਪ੍ਰੇਸ਼ਾਨ ਸਨ, ਜਿਸ ਵਿੱਚ ਕਿਹਾ ਗਿਆ ਸੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਇਹ ਬਿਆਨ ਉਸ ਵੇਲੇ ਸਾਹਮਣੇ ਆਏ ਸਨ, ਜਦੋਂ ਇਕ ਲੜਕੀ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਮੂੰਹ ’ਤੇ ਕੌਮੀ ਝੰਡਾ ਬਣਾਉਣ ਕਾਰਨ ਉਸ ਨੂੰ ਦਰਬਾਰ ਸਾਹਿਬ 'ਚ ਜਾਣ ਤੋਂ ਰੋਕਿਆ ਗਿਆ ਸੀ। ਅਜਿਹੀਆਂ ਘਟਨਾਵਾਂ ਤੋਂ ਆਹਤ ਹੋ ਕੇ ਇਨਾਂ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਜੋ ਕਿ ਬੇਹੱਦ ਨਿੰਦਣਯੋਗ ਹੈ। ਜ਼ਿਕਯੋਗ ਹੈ ਕਿ ਇਸ ਸਾਰੀ ਘਟਨਾ 'ਤੇ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲ ਕਰਦਿਆਂ ਕੌਮ ਨੂੰ ਸੁਨੇਹਾ ਦਿੱਤਾ ਕਿ ਕਿਸੇ ਨੂੰ ਵੀ ਡਰਨ ਘਬਰਾਉਣ ਦੀ ਲੋੜ ਨਹੀਂ ਅਤੇ ਅਜਿਹਾ ਜੋ ਕੋਈ ਕਰੇਗਾ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।