ਚੰਡੀਗੜ੍ਹ : ਜਲੰਧਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਵੱਖੋ-ਵੱਖ ਪਾਰਟੀਆਂ ਦਾ ਜ਼ੋਰ ਲੱਗਾ ਹੋਇਆ ਹੈ। ਹਰ ਪਾਰਟੀ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕਰ ਰਹੀਆਂ ਹਨ। ਲੋਕਾਂ ਨੂੰ ਆਪੋ-ਆਪਣੀਆਂ ਪਾਰਟੀਆਂ ਵੱਲੋਂ ਕੀਤੇ ਗਏ ਕੰਮ ਗਿਣਵਾ ਰਹੇ ਹਨ ਤੇ ਆਪਣੇ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਲੋਕਾਂ ਨਾਲ ਮਿੱਠੇ ਵਾਅਦੇ ਕਰ ਰਹੇ ਹਨ। ਇਸੇ ਵਿਚਕਾਰ ਅੱਜ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਜਲੰਧਰ ਜਿਮਨੀ ਚੋਣ ਲਈ ਭਾਜਪਾ ਦਾ ਸਮਰਥਨ ਕਰਨਗੇ।
ਉਮੀਦਵਾਰਾਂ ਦਾ ਪਾਰਟੀਆਂ ਬਦਲਣਾ ਜਾਰੀ :ਜਿਮਨੀ ਚੋਣ ਨੂੰ ਲੈ ਕੇ ਸ਼ਹਿਹ ਜਲੰਧਰ ਦਾ ਸਿਆਸੀ ਪਾਰਾ ਸਿਖਰ ਉਤੇ ਹੈ। ਪਾਰਟੀਆਂ ਦੇ ਰੋਡ ਸ਼ੋਅ, ਸਿਆਸੀ ਫੇਰੀਆਂ, ਉਮੀਦਵਾਰਾਂ ਦਾ ਇਧਰੋਂ ਉਧਰ ਜਾਣਾ ਲੱਗਾ ਹੋਇਆ ਹੈ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ। ਕਾਰਨ ਇਹ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਭਾਜਪਾ ਤੋਂ ਜਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਹੈ ਤੇ ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਜ਼ਾਹਰ ਹੀ ਸੀ। ਉਧਰ ਅੱਜ ਬੀਬੀ ਜਗੀਰ ਕੌਰ ਨੇ ਭਾਜਪਾ ਨੂੰ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ।