ਅੰਮ੍ਰਿਤਸਰ: ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਸ਼੍ਰੋਮਣੀ ਕਮੇਟੀ ਤੇ ਸਿੱਖ ਕੌਮ ਦੇ ਕੁਝ ਜ਼ਰੂਰੀ ਮਸਲਿਆਂ ਦੇ ਹੱਲ ਲਈ ਮੰਗ ਪੱਤਰ ਦਿੱਤਾ।
ਇਸ ਮੁਲਾਕਾਤ ਦੌਰਾਨ ਉਨ੍ਹਾਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੀ ਜ਼ਮੀਨ ਦਾ ਮਾਮਲਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੋਲਰ ਸਿਸਟਮ ਲਗਾਉਣ ਦੇ ਨਾਲ-ਨਾਲ ਸਰਾਵਾਂ ਲਈ ਨਕਸ਼ਿਆਂ ਨੂੰ ਮਨਜੂਰੀ ਦੇਣ ਸਮੇਤ ਹੋਰ ਅਹਿਮ ਮਸਲਿਆਂ ਵਿਚ ਦਖਲ ਦੇ ਕੇ ਹੱਲ ਕਰਨ ਦੀ ਅਪੀਲ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਮੁਹਾਲੀ ਸਥਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਕਰੀਬ 12 ਏਕੜ ਜ਼ਮੀਨ ਨੂੰ ਗਮਾਡਾ ਐਕਵਾਇਰ ਕਰਨੀ ਚਾਹੁੰਦਾ ਹੈ, ਜਿਸ ਨੂੰ ਰੋਕਣ ਲਈ ਮੁੱਖ ਮੰਤਰੀ ਪੰਜਾਬ ਨੂੰ ਆਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਜਾਇਦਾਦ ਕੌਮ ਦੀ ਅਮਾਨਤ ਹੈ, ਜਿਸ ਨੂੰ ਜਬਰੀ ਹਥਿਆਉਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਹੋਰ ਮਸਲਿਆਂ ਸਬੰਧੀ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਲਗਾਏ ਜਾ ਰਹੇ ਸੋਲਰ ਸਿਸਟਮ ਦਾ ਮਸਲਾ ਵੀ ਮੁੱਖ ਮੰਤਰੀ ਪਾਸ ਉਠਾਇਆ ਗਿਆ ਹੈ।