ਅੰਮ੍ਰਿਤਸਰ:ਪੰਜਾਬ 'ਚ ਐਸਵਾਈਐਲ ਦੇ ਮੁੱਦੇ ਨੂੰ ਲੈਕੇ ਪੂਰੀ ਸਿਆਸਤ ਭਖ ਚੁੱਕੀ ਹੈ। ਜਿਥੇ ਇਸ ਮੁੱਦੇ 'ਤੇ ਵਿਰੋਧੀ ਲੀਡਰ ਸਰਕਾਰ ਨੂੰ ਘੇਰ ਰਹੇ ਹਨ ਤਾਂ ਉਥੇ ਹੀ ਸੱਤਾਧਾਰੀ ਵੀ ਇਸ ਮੁੱਦੇ 'ਤੇ ਪਿਛਲੀਆਂ ਸਰਕਾਰਾਂ 'ਤੇ ਪਲਟਵਾਰ ਕਰ ਰਹੇ ਹਨ। ਇਸ ਵਿਚਾਲੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੌਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਉਨ੍ਹਾਂ ਦਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨ ਕੀਤਾ ਗਿਆ ਤੇ ਨਾਲ ਹੀ ਪੰਜਾਬ ਦੇ ਕਈ ਸਿਆਸੀ ਲੀਡਰ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। (Bhupinder Hooda on SYL) ( Punjab Politics on SYL)
ਐਸਵਾਈਐਲ ਨੂੰ ਲੈਕੇ ਹੁੱਡਾ ਦਾ ਸਟੈਂਡ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਐਸਵਾਈਐਲ ਨੂੰ ਲੈਕੇ ਵੀ ਆਪਣਾ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਰਾਲੀ ਨਾਲ ਹੋ ਰਹੇ ਪ੍ਰਦੂਸ਼ਣ ਬਾਰੇ ਵੀ ਆਪਣਾ ਪੱਖ ਰੱਖਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਐਸਵਾਈਐਲ ਨੂੰ ਲੈਕੇ ਸੁਪਰੀਮ ਕੋਰਟ ਨੇ ਵੀ ਹਰਿਆਣਾ ਸੂਬੇ ਦੇ ਹੱਕ 'ਚ ਕੇਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੰਜਾਬ ਤੋਂ ਪਾਣੀ ਨਹੀਂ ਮੰਗਦਾ ਪਰ ਹਰਿਆਣਾ ਆਪਣਾ ਹੱਕ ਵੀ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ਹਰਿਆਣਾ ਆਪਣਾ ਹੱਕ ਲੈਕੇ ਰਹੇਗਾ।