ਅੰਮ੍ਰਿਤਸਰ: ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਸਿਧਾਂਤ ਨੂੰ ਸਮਰਪਿਤ ਅੱਜ ਮੀਰੀ ਪੀਰੀ ਦਿਵਸ ਹੈ। ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆ ਗਈਆ ਸਨ। ਮੀਰੀ ਪੀਰੀ ਦਾ ਸਿਧਾਂਤ ਧਰਮ ਦੀ ਸ਼ਕਤੀ ਨੂੰ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ਉੱਤੇ ਤੋਰਨਾ ਸੀ।
ਮੀਰੀ ਤੇ ਪੀਰੀ ਦੋਵੇਂ ਫਾਰਸੀ ਭਾਸ਼ਾ ਦੇ ਸ਼ਬਦ ਹਨ। ਮੀਰੀ ਦਾ ਅਰਥ ਹੈ ਅਮੀਰੀ ਜਾਂ ਬਾਦਸ਼ਾਹ, ਹੁਕਮ ਕਰਨ ਵਾਲਾ, ਮੁਖੀ। ਪੀਰੀ ਦਾ ਭਾਵ ਧਾਰਮਿਕ ਜਾਂ ਅਧਿਆਤਮਕ ਖੇਤਰ ਵਿਚ ਅਗਵਾਈ, ਜੋ ਵਿਅਕਤੀ ਅਧਿਆਤਮਕ ਜੀਵਨ ਜਿਊਂਦਿਆਂ, ਤਿਆਗੀ, ਵਿਰਕਤ ਤੇ ਨਿਰਵਿਰਤ ਮਾਰਗ 'ਤੇ ਚਲਦਾ ਹੈ ਉਹ ਪੀਰ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼ਬਦ ਕੀਰਤਨ ਗਾਇਨ ਕੀਤਾ ਜਾ ਰਿਹਾ ਹੈ।