ਅੰਮ੍ਰਿਤਸਰ: ਗੁਰਦੁਆਰਾ ਰਾਮਸਰ ਸਾਹਿਬ 'ਚੋਂ ਗਾਇਬ ਹੋਏ 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਅੱਗੇ 14 ਸਤੰਬਰ ਤੋਂ ਸਿੱਖ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਨਸਾਫ਼ ਮੋਰਚੇ ਦੇ ਕਮੇਟੀ ਮੈਂਬਰ ਲਖਵੀਰ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ 328 ਸਰੂਪਾਂ ਦਾ ਗਬਨ ਕੀਤਾ ਹੈ, ਜਿਸ ਕਾਰਨ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ।
ਗਾਇਬ ਹੋਏ ਸਰੂਪਾਂ ਦੇ ਇਨਸਾਫ਼ ਲਈ ਹੀ ਸਿੱਖਾਂ ਵੱਲੋਂ ਮੋਰਚਾ ਲਾਇਆ ਹੋਇਆ ਹੈ ਪਰ ਸ਼੍ਰੋਮਣੀ ਕਮੇਟੀ ਘਟੀਆ ਹਰਕਤਾਂ 'ਤੇ ਆ ਗਈ ਹੈ। ਇਹ ਕਮੇਟੀ ਵਾਲੇ ਨਰੈਣੂ ਮਹੰਤ ਤੋਂ ਵੀ ਟੱਪ ਗਏ ਹਨ। ਉਨ੍ਹਾਂ ਕਿਹਾ ਕਿ ਮੋਰਚਾ ਦੇ ਸਿੰਘਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸ਼ਾਦਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਲੇ ਜੋ ਮਰਜ਼ੀ ਕਰ ਲੈਣ, ਇਹ ਮੋਰਚਾ ਜਾਰੀ ਰਹੇਗਾ, ਜਿਨ੍ਹਾਂ ਸਮਾਂ ਦੋਸ਼ੀ ਸੰਗਤਾਂ ਦੇ ਸਾਹਮਣੇ ਨਹੀਂ ਆਉਂਦੇ।
ਭਾਈ ਲਖਵੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਮੋਰਚੇ 'ਤੇ ਬੈਠੇ ਸਿੱਖਾਂ ਦੇ ਗੋਲੀਆਂ ਮਾਰ ਕੇ ਜਾਂ ਵੱਢ ਟੁੱਕ ਕੇ ਬਾਹਰ ਛੁੱਟ ਸਕਦੇ ਹਨ, ਪਰ ਇਨਸਾਫ਼ ਲੈਣ ਲਈ ਸ਼ਾਂਤਮਈ ਮੋਰਚਾ ਲਗਾਤਾਰ ਜਾਰੀ ਰਹੇਗਾ।