ਅੰਮ੍ਰਿਤਸਰ :ਪੰਜਾਬ ਵਿੱਚ 2015 ਤੋਂ ਲੈ ਕੇ ਹੁਣ ਤੱਕ ਚਾਰ ਮੁੱਖ ਮੰਤਰੀ ਬਦਲ ਚੁੱਕੇ ਹਨ ਪਰ ਅਜੇ ਤੱਕ ਬੇਅਦਬੀ ਦੇ ਮੁੱਦੇ ਉੱਤੇ ਸਿੱਖਾਂ ਨੂੰ ਇਨਸਾਫ ਮਿਲਦਾ ਦਿਖਾਈ ਨਹੀਂ ਦੇ ਰਿਹਾ। ਇੱਕ ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ। ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰ ਕੇ ਉਹਨਾਂ ਦੀ ਬੇਅਦਬੀ ਕੀਤੀ ਗਈ।
ਜਿਸ ਦੇ ਰੋਸ ਵਜੋਂ ਸਿੱਖ ਸੰਗਤਾਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ ਅਤੇ ਉਨ੍ਹਾਂ ਦੇ ਉਤੇ ਪੁਲਿਸ ਵੱਲੋਂ ਗੋਲੀ ਵੀ ਚਲਾਈ ਗਈ। ਅੱਜ ਤੱਕ ਉਸ ਮਾਮਲੇ ਵਿੱਚ ਸਿੱਖ ਸੰਗਤਾਂ ਨੂੰ ਇਨਸਾਫ ਨਹੀਂ ਮਿਲਿਆ ਜਿਸ ਦੇ ਚੱਲਦੇ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਅੰਮ੍ਰਿਤਸਰ ਵਿੱਚ ਪ੍ਰੈੱਸ ਵਾਰਤਾ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਵਿੱਚੋਂ ਦੋ ਹਜ਼ਾਰ ਪੰਦਰਾਂ ਵਿੱਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਚੋਰੀ ਹੋਏ ਸਨ।
ਉਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦਾ ਸਿੱਖ ਜਥੇਬੰਦੀਆਂ ਵੱਲੋਂ ਘੇਰਾਬ ਕੀਤਾ ਜਾਣਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਤਿੰਨ ਮਹੀਨੇ ਦਾ ਸਮਾਂ ਮੰਗਿਆ ਹੈ। ਜਿਸ ਕਰਕੇ ਹੁਣ ਸਿੱਖ ਜਥੇਬੰਦੀਆਂ ਨੇ ਤਿੰਨ ਮਹੀਨੇ ਦਾ ਸਮਾਂ ਦੇ ਕੇ ਆਪਣਾ ਧਰਨਾ ਪ੍ਰਦਰਸ਼ਨ ਪ੍ਰੋਗਰਾਮ ਕਰਨ ਦਾ ਵੀ ਪ੍ਰੋਗਰਾਮ ਰੱਦ ਕੀਤਾ ਹੈ।