ਅੰਮ੍ਰਿਤਸਰ: ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ, ਉੱਘੇ ਸਾਹਿਤਕਾਰ ਅਤੇ ਵਾਤਾਵਰਣ ਪ੍ਰੇਮੀ, ਭਾਈ ਵੀਰ ਸਿੰਘ ਦੇ 150 ਸਾਲਾ ਜਨਮਦਿਨ ਨੂੰ ਸਮਰਪਿਤ ਭਾਈ ਵੀਰ ਸਿੰਘ ਫੁੱਲਾਂ ਅਤੇ ਪੌਦਿਆਂ ਦਾ ਫੈਸਟੀਵਲ ਚੱਲ ਰਿਹਾ ਹੈ। ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਚੱਲ ਰਹੇ ਭਾਈ ਵੀਰ ਸਿੰਘ ਫੁੱਲਾਂ ਅਤੇ ਪੌਦਿਆਂ ਦੇ ਫੈਸਟੀਵਲ ਉੱਤੇ ਨਿੱਘੀ ਧੁੱਪ ਵਿਚ ਖਿੜੀਆਂ ਗੁਲਦਾਉਂਦੀਆਂ ਦੀਆਂ ਮਹਿਕਾਂ ਲੈਣ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਫੁੱਲਾਂ ਦੇ ਪ੍ਰੇਮੀ ਭਰਵੀਂ ਗਿਣਤੀ ਵਿੱਚ ਪੁੱਜੇ।
ਵਾਤਾਵਰਨ ਪ੍ਰੇਮੀਆਂ ਨੇ ਖਰੀਦੇ ਬੂਟੇ: ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਅੰਦਰ ਫੁੱਲਾਂ ਅਤੇ ਰੰਗਾਂ ਦੀਆਂ ਬਣਾਈਆਂ ਹੋਈਆਂ ਰੰਗੋਲੀਆਂ ਮਨ ਮੋਹ ਰਹੀਆਂ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਕੁਦਰਤ ਪ੍ਰੇਮੀ ਬਾਗਾਬਨੀ ਸੰਦਾਂ, ਜੈਵਿਕ ਖੇਤੀ, ਘਰੇਲੂ ਖੇਤੀ, ਜੈਵਿਕ ਖਾਣ ਵਾਲੇ ਪਦਾਰਥਾਂ ਜਿਵੇਂ ਹਲਦੀ, ਗੁੜ, ਸ਼ੱਕਰ, ਕਾਸਮੈਟਿਕਸ, ਜੜੀਆਂ ਬੂਟੀਆਂ, ਫਲ, ਪਨੀਰੀਆਂ ਤੋਂ ਇਲਾਵਾ ਅਨੇਕਾਂ ਕਿਸਮਾਂ ਦੇ ਫੁੱਲਾਂ ਦੇ ਬੂਟਿਆਂ ਅਤੇ ਘਰ ਵਿੱਚ ਲੱਗਣ ਵਾਲੇ ਪੌਦਿਆਂ ਆਦਿ ਦੀ ਖ਼ਰੀਦੋ ਫਰੋਖਤ ਕਰ ਰਹੇ ਸਨ।
ਮਨੁੱਖ ਦੇ ਕੁਦਰਤ ਨਾਲ ਨੇੜਲੇ ਸਬੰਧਾਂ ਦਾ ਅਹਿਸਾਸ: ਯੂਨੀਵਰਸਿਟੀ ਦੇ ਸਲਾਹਕਾਰ ਡਾ. ਜਸਵਿੰਦਰ ਸਿੰਘ ਬਿਲਗਾ ਨੇ ਇਸ ਫੈਸਟੀਵਲ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਵੀਰ ਸਿੰਘ ਫੁੱਲਾਂ ਤੇ ਪੌਦਿਆਂ ਦੇ ਮੇਲੇ ਦੇ ਬਾਰੇ ਕਿਹਾ ਕਿ ਇਹ ਮੇਲਾ ਸਾਡੇ ਸਮਾਜ ਲਈ ਵਰਦਾਨ ਹੈ। ਕਿਉਂਕਿ, ਇਸ ਮੇਲੇ ਜ਼ਰੀਏ ਕੁਦਰਤ ਅਤੇ ਮਨੁੱਖ ਦੇ ਕੁਦਰਤ ਨਾਲ ਨੇੜਲੇ ਸਬੰਧਾਂ ਦੇ ਅਹਿਸਾਸ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜੋਕਾ ਦੌਰ ਤੇਜ਼ੀ ਦਾ ਦੌਰ ਹੈ ਅਤੇ ਹਰ ਕੋਈ ਕਿਸੇ ਨਾਲ ਕਿਸੇ ਦੌੜ ਵਿਚ ਸ਼ਾਮਿਲ ਹੈ ਅਤੇ ਨਵੀਂ ਪੀੜ੍ਹੀ ਮੋਬਾਈਲ ਅਤੇ ਹੋਰ ਸਾਧਨਾਂ ਤੇ ਮਸ਼ਰੂਫ ਹੈ। ਇਸ ਨਾਲ ਅਜੀਬ ਕਿਸਮ ਦੀ ਆਪਸੀ ਦੂਰੀ ਪੈਦਾ ਹੋ ਰਹੀ ਹੈ। ਇਸ ਸਥਿਤੀ ਵਿੱਚ ਉਨ੍ਹਾਂ ਕਿਹਾ ਕਿ ਕੁਦਰਤ ਨਾਲ ਸਾਡਾ ਮਿਲਾਪ ਜ਼ਿੰਦਗੀ ਨੂੰ ਖੁਸ਼ਗਵਾਰ ਅਤੇ ਰਸਮਈ ਬਣਾ ਦਿੰਦਾ ਹੈ।