ਫਲਾਂ ਨੂੰ ਬਚਾਉਣ ਲਈ ਜੱਦੋ-ਜਹਿਦ ਅੰਮ੍ਰਿਤਸਰ: ਬੀਤੇ ਦਿਨਾਂ ਤੋਂ ਬਿਆਸ ਦਰਿਆ ਵਿੱਚ ਪਾਣੀ ਦਾ ਵਹਾਅ ਜ਼ੋਰਾਂ ਉੱਤੇ ਹੈ ਅਤੇ ਇਸ ਤੇਜ਼ ਰਫ਼ਤਾਰ ਪਾਣੀ ਨਾਲ ਕਿਸਾਨਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਬ 21 ਦਿਨਾਂ ਤੋਂ ਮੰਡ ਖੇਤਰ ਵਿੱਚ ਚੜਿਆ ਬਿਆਸ ਦਰਿਆ ਦੇ ਪਾਣੀ ਦਾ ਕਹਿਰ ਦਾ ਰੁਕਣ ਦਾ ਨਾਮ ਨਹੀਂ ਲੈਅ ਰਿਹਾ ਹੈ। ਜਿਸ ਕਾਰਨ ਸੈਂਕੜੇ ਏਕੜ ਝੋਨਾ, ਸਬਜ਼ੀਆਂ ਆਦਿ ਫਸਲਾਂ ਤਬਾਹ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਨਾਸ਼ਪਤੀ ਅਤੇ ਅਮਰੂਦਾਂ ਦਾ ਠੇਕੇਦਾਰ ਮਜ਼ਦੂਰਾਂ ਨੁੰ ਨਾਲ ਲੈਕੇ ਆਪਣੀ ਰਹਿੰਦੀ ਫਲਾਂ ਦੀ ਫਸਲ ਬਚਾਉਣ ਲਈ ਤਿੰਨ ਤੋਂ ਚਾਰ ਫੁੱਟ ਤੱਕ ਚੜ੍ਹੇ ਪਾਣੀ ਵਿੱਚ ਜੂਝ ਰਿਹਾ ਹੈ।
ਨਾਸ਼ਪਤੀ ਦੀ ਫਸਲ ਤਬਾਹ: ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਠੇਕੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਬੀਤੇ 21 ਦਿਨਾਂ ਤੋਂ ਬਿਆਸ ਦਰਿਆ ਦੇ ਚੜ੍ਹੇ ਪਾਣੀ ਨੇ ਉਨ੍ਹਾਂ ਦੀਆਂ ਆਸਾਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਹੈ, ਜਿਸ ਕਾਰਣ ਉਹ ਕਰਜ਼ੇ ਵਿੱਚ ਡੁੱਬ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਤੋਂ ਪੁੱਤਾਂ ਵਾਂਗ ਨਾਸ਼ਪਤੀ ਦੇ ਪਾਲੇ ਬਾਗ਼ ਨੂੰ ਬਿਆਸ ਦਰਿਆ ਦੇ ਪਾਣੀ ਨੇ ਤਬਾਹ ਕਰਕੇ ਰੱਖ ਦਿੱਤਾ ਹੈ। ਜਿਸ ਕਾਰਨ ਉਹ ਡਾਹਢੀ ਚਿੰਤਾ ਵਿੱਚ ਹੈ।
ਠੇਕੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਉਨ੍ਹਾਂ 2 ਲੱਖ 30 ਹਜ਼ਾਰ ਵਿੱਚ ਨਾਸ਼ਪਤੀ ਦਾ ਬਾਗ ਠੇਕੇ ਉੱਤੇ ਲਿਆ ਸੀ। ਜਿਸ ਵਿੱਚ ਇੱਕ ਸਾਲ ਦੀ ਮਿਹਨਤ ਤੋਂ ਬਾਅਦ ਬੇਹੱਦ ਚੰਗਾ ਨਾਸ਼ਪਤੀ ਦਾ ਫਲ ਲੱਗਿਆ ਪਰ ਬੀਤੇ ਦਿਨਾਂ ਤੋਂ ਪਾਣੀ ਦੀ ਮਾਰ ਕਾਰਨ ਕਾਫੀ ਹੱਦ ਤੱਕ ਨਾਸ਼ਪਤੀ ਦੇ ਫਲ ਥੱਲੇ 3 ਤੋਂ 4 ਫੁੱਟ ਤੱਕ ਖੜ੍ਹੇ ਪਾਣੀ ਵਿੱਚ ਡਿੱਗ ਕੇ ਖਰਾਬ ਹੋ ਚੁੱਕਾ ਹੈ। ਜਿਸ ਵਿੱਚੋਂ ਰਹਿੰਦਾ ਫਲ ਬਚਾਉਣ ਲਈ ਉਹ ਟਾਇਰ ਟਿਊਬ ਦੀ ਮਦਦ ਨਾਲ ਕਰੇਟਾਂ ਵਿੱਚ ਨਾਸ਼ਪਤੀਆਂ ਭਰ ਕੇ ਕੱਢ ਰਹੇ ਹਨ ਤਾਂ ਜੋ ਕੁੱਝ ਹੈ ਉਹ ਬਚ ਜਾਵੇ। ਉਨ੍ਹਾਂ ਦੱਸਿਆ ਕਿ ਦਰੱਖਤਾਂ ਤੋਂ ਤੋੜੇ ਜਾ ਰਹੇ ਫਲ ਵਿੱਚੋ 60 ਤੋਂ 80 ਹਜ਼ਾਰ ਦੀ ਨਾਸ਼ਪਤੀ ਨਿਕਲਣ ਦੀ ਆਸ ਹੈ ਪਰ ਉਸ ਉੱਤੇ ਵੀ ਰੋਜ਼ਾਨਾ ਪ੍ਰਤੀ ਵਿਅਕਤੀ 500 ਰੁਪਏ ਲੇਬਰ ਅਤੇ ਗੱਡੀ ਦੇ ਖਰਚੇ ਮਹਿੰਗੇ ਪੈ ਰਹੇ ਹਨ।
ਮੁਆਵਜ਼ੇ ਦੀ ਮੰਗ: ਉਨ੍ਹਾਂ ਦੱਸਿਆ ਕਿ ਸਾਰਾ ਪਰਿਵਾਰ ਸਵੇਰ 8 ਵਜੇ ਤੋਂ ਨਾਸ਼ਪਤੀ ਤੋੜਨ ਅਤੇ ਛਾਂਟੀ ਕਰਨ ਵਿੱਚ ਲੱਗ ਜਾਂਦਾ ਹੈ ਅਤੇ ਰਾਤ 11 ਵਜੇ ਤੱਕ ਫਲ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਮਹਿਲ ਸਿੰਘ ਨੇ ਦੱਸਿਆ ਕਿ ਅੱਜ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਕੋਈ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਮਦਦ ਲਈ ਪੁੱਜਾ ਹੈ।ਮਹਿਲ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਕਰੀਬ 200 ਤੋਂ 250 ਏਕੜ ਫ਼ਸਲ ਪਾਣੀ ਵਿੱਚ ਡੁੱਬ ਚੁੱਕੀ ਹੈ ਅਤੇ ਹੋਰਨਾਂ ਕਿਸਾਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਮਾਰ ਨਾਲ ਹੋਏ ਇਸ ਨੁਕਸਾਨ ਲਈ ਸਰਕਾਰ ਉਨ੍ਹਾਂ ਨੂੰ ਬਣਦਾ ਮੁਆਵਜਾ ਦੇਵੇ ਤਾਂ ਜੋ ਉਹ ਮੁੜ ਤੋਂ ਆਪਣਾ ਕੰਮਕਾਜ ਕਰ ਸਕਣ।