ਚੰਡੀਗੜ੍ਹ ਡੈਸਕ : ਪੰਜਾਬ ਵਿੱਚ ਅੱਜ ਮੌਸਮ ਵਿਭਾਗ ਵੱਲੋਂ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਵਿੱਚ ਅੱਜ ਅਤੇ ਕੱਲ੍ਹ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਪਰ 2 ਅਗਸਤ ਤੋਂ ਮੌਸਮ 'ਚ ਫਿਰ ਤੋਂ ਬਦਲਾਅ ਆਵੇਗਾ। ਪੰਜਾਬ ਵਿੱਚ 2 ਅਤੇ 3 ਅਗਸਤ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਗਰਜ ਦੇ ਨਾਲ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ ਦੇਸ਼ ਦੇ ਪੂਰਬੀ, ਉੱਤਰ-ਪੂਰਬੀ ਅਤੇ ਪੂਰਬੀ ਮੱਧ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਅਗਲੇ 4 ਤੋਂ 5 ਦਿਨਾਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਸਰਹੱਦੀ ਇਲਾਕੇ ਹੜ੍ਹ ਦੀ ਲਪੇਟ ਵਿੱਚ :ਇਸ ਨਾਲ ਅਗਲੇ 2 ਤੋਂ 3 ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਬਾਰਿਸ਼ ਦੀ ਗਤੀਵਿਧੀ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੱਛਮੀ ਤੱਟ 'ਤੇ 2 ਅਤੇ 3 ਅਗਸਤ ਨੂੰ ਬਾਰਸ਼ ਵਧਣ ਦੀ ਸੰਭਾਵਨਾ ਹੈ। ਪ੍ਰਾਇਦੀਪ ਦੇ ਬਾਕੀ ਹਿੱਸਿਆਂ ਵਿੱਚ ਅਗਲੇ 4-5 ਦਿਨਾਂ ਦੌਰਾਨ ਬਾਰਸ਼ ਦੀ ਗਤੀਵਿਧੀ ਘਟਣ ਦੀ ਸੰਭਾਵਨਾ ਹੈ। ਉਥੇ ਹੀ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਅਜੇ ਵੀ ਹੜ੍ਹ ਦੀ ਲਪੇਟ ਵਿਚ ਹਨ। ਇੱਥੇ ਪਾਣੀ ਦਾ ਪੱਧਰ ਹੌਲੀ-ਹੌਲੀ ਹੇਠਾਂ ਜਾ ਰਿਹਾ ਹੈ। ਅਜਨਾਲਾ ਦੇ ਕਈ ਪਿੰਡ ਅਜੇ ਵੀ ਹੜ੍ਹਾਂ ਦੀ ਲਪੇਟ ਵਿੱਚ ਹਨ। ਰਾਵੀ ਦੇ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਪਿੰਡਾਂ ਦਾ ਹੋਰਨਾਂ ਜ਼ਿਲ੍ਹਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ। ਮੰਤਰੀ ਕੁਲਦੀਪ ਧਾਰੀਵਾਲ ਨੇ ਇਨ੍ਹਾਂ ਇਲਾਕਿਆਂ ਦਾ ਦੌਰਾ ਕਰ ਕੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ 15 ਅਗਸਤ ਤੱਕ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਹਨ।