ਅੰਮ੍ਰਿਤਸਰ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸੀ ਮੰਤਰੀਆਂ 'ਤੇ ਵਰਦਿਆਂ ਕਿਹਾ ਕਿ 650 ਕਰੋੜ ਰੁਪਏ ਦੇ ਘਪਲੇ ਅਤੇ ਸ਼ਰਾਬ ਮਾਫੀਆ ਦਾ ਰੌਲਾ ਪਾਉਣ ਵਾਲੇ ਮੰਤਰੀ ਹੁਣ ਚੁੱਪ ਕਿਉਂ ਹੋ ਗਏ? ਉਨ੍ਹਾਂ ਕਿਹਾ ਕਿ ਜਿਹੜੇ ਕਾਂਗਰਸੀ ਲੀਡਰ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਦਾ ਵਿਰੋਧ ਕਰਦੇ ਸਨ ਅਤੇ ਉਸ ਦੇ ਮੁੰਡੇ ਨੂੰ ਸ਼ਰਾਬ ਦਾ ਮਾਫੀਆ ਕਹਿੰਦੇ ਸਨ ਹੁਣ ਕਿਹੜੀ ਸੈਟਿੰਗ ਹੋ ਗਈ ਕਿ ਉਹ ਚੁੱਪ ਕਰ ਗਏ ? ਜਾਂ ਫਿਰ ਉਨ੍ਹਾਂ ਨੂੰ ਆਪਣਾ ਬਣਦਾ ਹਿੱਸਾ ਮਿਲ ਗਿਆ।
ਇਸ ਦੇ ਨਾਲ ਹੀ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਹ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੇਣਗੇ ਪਰ ਹੁਣ 10 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ, ਜਿਸ ਕਰਕੇ ਲੋਕ ਇਨਸਾਫ਼ ਪਾਰਟੀ ਵੱਲੋਂ ਲੋਕਾਂ ਦੇ ਕੱਟੇ ਗਏ ਬਿਜਲੀ ਕੁਨੈਕਸ਼ਨ ਜੋੜੇ ਗਏ। ਉਨ੍ਹਾਂ ਕਿਹਾ ਕਿ ਇਸ ਲੌਕਡਾਊਨ ਦੌਰਾਨ ਕਾਂਗਰਸ ਦੇ ਮੰਤਰੀਆਂ ਨੇ ਵੱਡੇ-ਵੱਡੇ ਵਾਅਦੇ ਕੀਤੇ ਕਿ ਲੋਕਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਵੇਗਾ ਤੇ ਸਕੂਲ ਬੱਚਿਆਂ ਦੀਆਂ ਫੀਸਾਂ ਨਹੀਂ ਲੈਣਗੇ ਪਰ ਹੁਣ ਉਸ ਤੋਂ ਹੋ ਉਲਟ ਰਿਹਾ ਹੈ। ਸਕੂਲ ਮਾਪਿਆਂ ਨੂੰ ਲੁੱਟ ਰਹੇ ਹਨ ਤੇ ਲੋਕਾਂ ਨੂੰ ਵੱਡੇ-ਵੱਡੇ ਬਿਜਲੀ ਦੇ ਬਿੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਦਾ ਵਾਅਦਾ ਕਰਨ ਵਾਲੇ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ ਕੱਚੇ ਮੁਲਾਜ਼ਮ ਪੱਕੇ ਹੋਣ ਲਈ ਦੁਹਾਈਆਂ ਦੇ ਰਹੇ ਹਨ।