ਅੰਮ੍ਰਿਤਸਰ: 31 ਅਕਤੂਬਰ, 1984 ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਨ ਤੋਂ ਬਾਅਦ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਅਤੇ ਉਨ੍ਹਾਂ ਦਾ ਮਾਲੀ ਨੁਕਸਾਨ ਵੀ ਕੀਤਾ ਗਿਆ।
ਜਿਸ ਕਾਰਨ ਸਿੱਖ ਆਪਣੀਆਂ ਜਾਨਾਂ ਬਚਾਉਣ ਦੇ ਲਈ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਪੰਜਾਬ ਦੇ ਅੰਮ੍ਰਿਤਸਰ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਆ ਗਏ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ 1984 ਸਿੱਖ ਕਤਲੇਆਮ ਪੀੜਤ ਪਰਿਵਾਰ ਸੰਘਰਸ਼ ਕਮੇਟੀ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਵਿੱਚ ਆ ਕੇ ਵਸੇ 2700 ਪਰਿਵਾਰ ਹਨ, ਜੋ ਕਿ 1984 ਸਿੱਖ ਕਤਲੇਆਮ ਦੇ ਪੀੜਤ ਹਨ।
ਸਾਬਕਾ ਪ੍ਰਧਾਨ ਨੇ ਦੱਸਿਆ ਕਿ 1984 ਵਿੱਚ ਅਜਨਾਲਾ, ਬਾਬਾ ਬਕਾਲਾ, ਮਹਿਤਾ ਸਾਹਿਬ, ਤਰਨਤਾਰਨ ਸਾਹਿਬ ਅਤੇ ਅੰਮ੍ਰਿਤਸਰ ਵਿਖੇ 2700 ਦੇ ਕਰੀਬ ਪੀੜਤ ਪਰਿਵਾਰਾਂ ਦੇ ਮੈਂਬਰ ਪਹੁੰਚੇ। ਉਨ੍ਹਾਂ ਦੱਸਿਆ ਕਿ ਪਹਿਲਾਂ ਤਰਨਤਾਰਨ ਸਾਹਿਬ, ਅੰਮ੍ਰਿਤਸਰ ਦਾ ਹਿੱਸਾ ਸੀ। ਹੁਣ ਜਦੋਂ ਜ਼ਿਲ੍ਹਾ ਵੱਖਰਾ ਬਣ ਗਿਆ ਤਾਂ ਉਨ੍ਹਾਂ ਦੀ ਵੱਖਰੀ ਕਮੇਟੀ ਬਣ ਗਈ ਹੈ।
ਮੌਜੂਦਾ ਪ੍ਰਧਾਨ ਜਸਪਾਲ ਸਿੰਘ ਸਲੂਜਾ ਡਾ. ਮਨਮੋਹਨ ਸਿੰਘ ਨੇ ਮਦਦ ਦਾ ਕੀਤਾ ਸੀ ਐਲਾਨ
ਉਨ੍ਹਾਂ ਦੱਸਿਆ ਕਿ 1984 ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਰਾਹਤ ਦਿੰਦੇ ਹੋਏ 5-5 ਲੱਖ ਰੁਪਏ ਮੰਜ਼ੂਰ ਕੀਤੇ ਗਏ ਸਨ, ਜਿਸ ਵਿੱਚੋਂ 2002 ਦੀ ਤੱਤਕਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 5-5 ਲੱਖ ਵਿੱਚੋਂ 2-2 ਲੱਖ ਦੇ ਰੁਪਏ ਦਿੱਤੇ ਸਨ। ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਤਾਂ ਜਿਨ੍ਹਾਂ ਦੇ ਲਾਲ ਕਾਰਡ ਨਹੀਂ ਬਣੇ ਸਨ, ਉਨ੍ਹਾਂ ਦੇ ਦੁਬਾਰਾ ਕਾਰਡ ਬਣੇ ਪਰ ਉਸ ਸਮੇਂ ਜ਼ਿਆਦਾਤਰ ਲੋਕਾਂ ਨੇ ਨਕਲੀ ਕਾਰਡ ਬਣਾ ਲਏ। ਲੁਧਿਆਣੇ ਵਿੱਚ ਸਭ ਤੋਂ ਵੱਧ ਅਜਿਹੇ ਜਾਅਲੀ ਕਾਰਡ ਬਣੇ। ਜਾਂਚ ਮੌਕੇ 170 ਦੇ ਕਰੀਬ ਜਾਅਲੀ ਕਾਰਡ ਮਿਲੇ।
ਮੋਹਨ ਸਿੰਘ ਨੇ ਦੱਸਿਆ ਕਿ ਦੋ-ਦੋ ਲੱਖ ਰੁਪਏ ਤਾਂ ਮਿਲ ਗਏ ਸਨ, ਪਰ ਅਜੇ ਵੀ ਤਿੰਨ-ਤਿੰਨ ਲੱਖ ਰੁਪਇਆ ਬਕਾਇਆ ਪਿਆ ਹੈ। ਉਨ੍ਹਾਂ ਕਤਲੇਆਮ ਪੀੜਤ ਪਰਿਵਾਰਾਂ ਦੀ ਸਥਿਤੀ ਬਾਰੇ ਦੱਸਿਆ ਕਿ ਉਹ ਧੱਕੇ ਖਾ ਰਹੇ ਹਨ, ਕਿਰਾਏ 'ਤੇ ਰਹਿ ਕੇ ਦਿਹਾੜੀਆਂ ਕਰ ਰਹੇ ਹਨ, ਕੋਈ ਰਿਕਸ਼ਾ ਚਲਾ ਰਿਹਾ ਹੈ' ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ।
ਸੰਤ ਸਿੰਘ ਮਸਕੀਨ ਜੀ ਨੇ ਖ਼ਰੀਦੀ ਸੀ 4 ਏਕੜ ਜ਼ਮੀਨ
1984 ਕਤਲੇਆਮ ਪੀੜਤਾਂ ਲਈ ਸੰਤ ਸਿੰਘ ਮਸਕੀਨ ਕਥਾ ਵਾਚਕ ਵੱਲੋਂ ਲੋਕਾਂ ਨੂੰ ਪ੍ਰੇਰਨਾ ਦੇ ਕੇ ਪੈਸਾ ਇਕੱਠਾ ਕਰ ਕੇ 4 ਏਕੜ 2 ਮਰਲੇ ਜ਼ਮੀਨ ਲਈ ਗਈ। ਇਹ ਜ਼ਮੀਨ ਬਾਬਾ ਮੱਖਣ ਸਿੰਘ ਦੇ ਰਾਹੀਂ ਲਈ ਗਈ। ਸੰਤ ਸਿੰਘ ਮਸਕੀਨ ਨੇ ਇਹ ਪੈਸੇ ਬਾਬਾ ਮੱਖਣ ਸਿੰਘ ਨੂੰ ਦਿੱਤੇ ਅਤੇ ਸਿੱਖ ਸ਼ਹੀਦ ਪਰਿਵਾਰਾਂ ਦੇ ਨਾਂਅ ਰਜਿਸਟਰੀ ਕਰਵਾ ਦਿੱਤੀ ਪਰ ਹੁਣ ਬਾਬਾ ਮੱਖਣ ਸਿੰਘ ਉਹ ਜ਼ਮੀਨ ਖੁਦ ਵਾਹ ਰਿਹਾ ਹੈ, ਜਿਸ ਵਿੱਚ ਉਸ ਦੀ ਮਦਦ ਮ੍ਰਿਤਕ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਵੀ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਗਿਆਨੀ ਪੂਰਨ ਸਿੰਘ ਦਾ ਪਰਿਵਾਰ ਸ਼ਹੀਦਾਂ ਲਈ ਉਸਾਰੇ ਗਏ ਘਰਾਂ ਉੱਤੇ ਵੀ ਕਬਜ਼ੇ ਕਰੀ ਬੈਠਾ ਹੈ। ਮੋਹਨ ਸਿੰਘ ਦਾ ਕਹਿਣਾ ਹੈ ਕਿ 36 ਸਾਲ ਹੋ ਗਏ ਬਾਬਾ ਮੱਖਣ ਸਿੰਘ ਜ਼ਮੀਨ ਵਾਹ ਰਿਹਾ ਹੈ।
ਸਾਬਕਾ ਪ੍ਰਧਾਨ ਮੋਹਨ ਸਿੰਘ ਨੇ ਕਿਹਾ ਕਿ ਬਾਬਾ ਮੱਖਣ ਸਿੰਘ ਨੂੰ ਚਾਹੀਦਾ ਹੈ ਕਿ ਜ਼ਮੀਨ ਪੀੜਤ ਪਰਿਵਾਰਾਂ ਲਈ ਖਰੀਦੀ ਗਈ ਸੀ, ਇਸ ਲਈ ਉਨ੍ਹਾਂ ਨੂੰ ਜ਼ਮੀਨ ਦਾ ਕਬਜ਼ਾ ਛੱਡਣਾ ਚਾਹੀਦੈ ਅਤੇ ਸਾਡੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 1984 ਵਿੱਚ ਉੱਜੜ ਕੇ ਆਏ ਪਰਿਵਾਰਾਂ ਦੇ ਨਾਂਅ 'ਤੇ ਵਿਦੇਸ਼ਾਂ ਵਿੱਚੋਂ ਵੀ ਬਹੁਤ ਪੈਸਾ ਆ ਰਿਹਾ ਹੈ, ਪਰ ਮੱਖਣ ਸਿੰਘ ਉਸ ਪੈਸੇ ਨੂੰ ਵਰਤ ਰਿਹਾ ਹੈ, ਸਾਡੇ ਵਾਸਤੇ ਕੁੱਝ ਨਹੀਂ ਕਰ ਰਿਹਾ।
1984 ਦੇ ਕਤਲੇਆਮ ਪੀੜਤ ਪਰਿਵਾਰ ਸੰਘਰਸ਼ ਕਮੇਟੀ ਦੇ ਮੌਜੂਦਾ ਪ੍ਰਧਾਨ ਜਸਪਾਲ ਸਿੰਘ ਸਲੂਜਾ ਨੇ ਕਿਹਾ ਕਿ ਜਿਹੜੀ ਜ਼ਮੀਨ ਸੰਤ ਸਿੰਘ ਮਸਕੀਨ ਨੇ ਸੰਗਤਾਂ ਦੇ ਸਹਿਯੋਗ ਨਾਲ 1984 ਕਤਲੇਆਮ ਪੀੜਤਾਂ ਲਈ ਖਰੀਦੀ ਸੀ, ਉਸ ਉੱਤੇ ਬਾਬਾ ਮੱਖਣ ਸਿੰਘ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਉਸ ਨੂੰ ਵਾਪਸ ਪੀੜਤ ਪਰਿਵਾਰਾਂ ਨੂੰ ਦਿਵਾਇਆ ਜਾਵੇ।