ਅੰਮ੍ਰਿਤਸਰ: ਸਿੱਖ ਕੌਮ ਦੇ ਮਹਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਰੂਹਾਨੀ ਨਗਰ ਕੀਰਤਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਅਤੇ ਸ਼ਹੀਦਾਂ ਦੀ ਅਗਵਾਈ ਹੇਠ ਆਰੰਭ ਹੋਇਆ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਇਲਾਕਿਾਆਂ ਤੋਂ ਹੁੰਦਾ ਹੋਇਆ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਗੁਰਦੁਆਰਾ ਚਾਟੀਵਿੰਡ ਚੌਕ ਵਿਖੇ ਸਮਾਪਤ ਹੋਵੇਗਾ।
ਸੰਗਤ ਵੱਲੋਂ ਸਵਾਗਤ: ਵੱਖ-ਵੱਖ ਥਾਵਾਂ ਉੱਤੇ ਨਗਰ ਕੀਰਤਨ ਦਾ ਸੰਗਤ ਵੱਲੋਂ ਸਵਾਗਤ ਕੀਤਾ ਗਿਆ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਭਲਕੇ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ, ਪਰ ਸੰਗਤਾਂ ਵੱਲੋਂ ਅੱਜ ਵੀ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਅੱਜ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੰਗਤਾਂ ਦੇ ਸਹਿਯੋਗ ਨਾਲ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ।
ਬਾਬਾ ਜੀ ਦਾ ਜਨਮ 14 ਮਾਘ:ਉਨ੍ਹਾਂ ਅੱਗੇ ਕਿਹਾ ਕਿ ਭਲਕੇ ਸਵੇਰੇ ਭੋਗ ਪਾਏ ਜਾਣਗੇ ਅਤੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਗੱਲ ਕਰਦੇ ਹੋਏ ਬਾਬਾ ਜੀ ਦਾ ਗੁਣਗਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਗ੍ਰੇਜ਼ੀ ਮਹੀਨੇ ਮੁਤਾਬਿਕ ਸੰਗਤਾਂ ਵੱਲੋਂ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਜੇਕਰ ਦੇਸੀ ਮਹੀਨੇ ਦੇ ਹਿਸਾਬ 'ਤੇ ਨਜ਼ਰ ਮਾਰੀਏ ਤਾਂ ਬਾਬਾ ਜੀ ਦਾ ਜਨਮ 14 ਮਾਘ 1682 ਈ: ਨੂੰ ਪੋਹਵਿੰਡ ਵਿਖੇ ਹੋਇਆ ਸੀ, ਜੋ ਕਿ ਕੱਲ੍ਹ ਸ਼ੁੱਕਰਵਾਰ 14 ਮਾਘ ਹੈ ਅਤੇ ਕੱਲ੍ਹ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।