ਅੰਮ੍ਰਿਤਸਰ:ਗੁਰੂ ਨਗਰੀ ਅੰਮ੍ਰਿਤਸਰ ਵਿੱਚ ਬਦਮਾਸ਼ਾ ਦੇ ਹੌਂਸਲੇ ਇੰਨੇ ਬੁਲੰਦ ਨੇ ਕਿ ਸ਼ਹਿਰ ਦੇ ਡੈਮਗੰਜ ਇਲਾਕੇ ਵਿੱਚ ਤਿੰਨ ਹਮਲਾਵਰਾਂ ਨੇ ਇੱਕ ਘਰ ਦੇ ਬਾਹਰ ਸ਼ਰੇਆਮ ਵਾਰਦਾਤ ਨੂੰ ਬੇਖੌਫ਼ ਹੋਕੇ ਅੰਜਾਮ ਦਿੱਤਾ। ਦਰਅਸਲ ਡੈਮਗੰਜ ਇਲਾਕੇ ਵਿੱਚ ਤਿੰਨ ਹਮਲਾਵਰਾਂ ਨੇ ਘਰ ਦੇ ਬਾਹਰ ਖੜ੍ਹੇ ਹੋਕੇ ਬੂਹਾ ਖੜਕਾਇਆ ਅਤੇ ਬਾਹਰ ਆਉਣ ਲਈ ਆਵਾਜ਼ ਮਾਰੀ, ਜਦੋਂ ਘਰ ਦਾ ਮਾਲਿਕ ਬਾਹਰ ਆਇਆ ਤਾਂ ਹਮਲਾਵਰਾਂ ਨੇ ਉਸ ਦੇ ਪੇਟ ਵਿੱਚ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ। ਇਸ ਤੋਂ ਬਾਅਦ ਜ਼ਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਹੁਣ ਉਸ ਦੀ ਹਾਲਤ ਖਤਰੇ ਤੋ ਬਾਹਰ ਦੱਸੀ ਜਾ ਰਹੀ ਹੈ। ਦੱਸ ਦਈਏ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਦਾ ਸਾਰਾ ਸੀਨ ਵਿਖਾਈ ਦੇ ਰਿਹਾ ਹੈ।
ਘਰ ਦੇੇ ਬਾਹਰ ਬੁਲਾ ਕੇ ਸ਼ਖ਼ਸ ਨੂੰ ਹਮਲਾਵਰਾਂ ਨੇ ਮਾਰੀ ਗੋਲੀ, ਸੀਸੀਟੀਵੀ 'ਚ ਕੈਦ ਹੋਈ ਵਾਰਦਾਤ - ਅੰਮ੍ਰਿਤਸਰ ਦੀ ਖ਼ਬਰ ਪੰਜਾਬੀ ਵਿੱਚ
ਅੰਮ੍ਰਿਤਸਰ ਦੇ ਡੈਮਗੰਜ ਇਲਾਕੇ ਵਿੱਚ ਤਿੰਨ ਹਥਿਆਰਬੰਦ ਹਮਲਾਵਰਾਂ ਨੇ ਇੱਕ ਸ਼ਖ਼ਸ ਨੂੰ ਘਰ ਦੇ ਬਾਹਰ ਬੁਲਾ ਕੇ ਗੋਲੀ ਮਾਰ ਦਿੱਤੀ। ਗੋਲੀ ਵੱਜਣ ਕਾਰਣ ਸ਼ਖ਼ਸ ਦੀ ਹਾਲਤ ਗੰਭੀਰ ਹੈ। ਹਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਪੁਲਿਸ ਥਾਣਿਆਂ ਦੇ ਵਿੱਚ ਮਾਮਲੇ ਦਰਜ:ਜ਼ਖ਼ਮੀ ਸ਼ਖ਼ਸ ਦੇ ਪੁੱਤਰ ਹਰਮਨਜੋਤ ਨੇ ਦੱਸਿਆ ਕਿ ਉਹ ਸ਼ਰਾਬ ਦੀ ਕੰਪਨੀ ਵਿੱਚ ਕੰਮ ਕਰਦਾ ਹਾਂ। ਉਨ੍ਹਾਂ ਕਿਹਾ ਹਮਲਾ ਕਰਨ ਜੋ ਲੋਕ ਆਏ ਸਨ ਅਸਲ ਵਿੱਚ ਉਹ ਪੂਰੇ ਇਲਾਕੇ ਅੰਦਰ ਨਕਲੀ ਸ਼ਰਾਬ ਸਪਲਾਈ ਕਰਦੇ ਹਨ ਅਤੇ ਇਨ੍ਹਾਂ ਨੂੰ ਰੋਕਣ ਲਈ ਉਹ ਕੰਮ ਕਰਦਾ ਹੈ। ਹਰਮਨਜੋਤ ਨੇ ਇਹ ਵੀ ਕਿਹਾ ਕਿ ਇਨ੍ਹਾਂ ਹਮਲਾਵਰਾਂ ਉੱਤੇ ਕਈ ਪੁਲਿਸ ਥਾਣਿਆਂ ਦੇ ਵਿੱਚ ਮਾਮਲੇ ਦਰਜ ਹਨ। ਉਸ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਕਈ ਵਾਰ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਸ਼ਰਾਬ ਫੜਨੀ ਬੰਦ ਕਰਦਿਓ ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ ਅਤੇ ਹੁਣ ਜਾਨਲੇਵਾ ਹਮਲਾ ਉਸ ਦੇ ਪਿਤਾ ਉੱਤੇ ਕੀਤਾ ਗਿਆ ਹੈ।
ਹਮਲਾਵਰਾਂ ਦੀ ਭਾਲ ਲਈ ਛਾਪੇਮਾਰੀ: ਹਰਮਨਜੋਤ ਸਿੰਘ ਨੇ ਅੱਗੇ ਕਿਹਾ ਕਿ ਉਸ ਨੂੰ ਕਾਲਾਂ ਰਾਹੀਂ ਕਈ ਵਾਰ ਧਮਕੀਆਂ ਦਿੱਤੀਆਂ ਗਈਆਂ ਨੇ ਅਤੇ ਇਸ ਦੇ ਸਬੂਤ ਵੀ ਉਸ ਦੇ ਕੋਲ ਹਨ। ਉਸ ਨੇ ਕਿਹਾ ਕਿ ਪੁਲਿਸ ਅਧੀਕਾਰੀ ਮੌਕੇ ਉੱਤੇ ਪੁੱਜੇ ਹਨ। ਉਨ੍ਹਾਂ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਹਰਮਨਜੋਤ ਨੇ ਕਿਹਾ ਕਿ ਇਨ੍ਹਾਂ ਲੋਕਾਂ ਕੋਲ ਨਾਜਾਇਜ਼ ਹਥਿਆਰ ਕਿੱਥੋਂ ਆ ਰਹੇ ਹਨ, ਇਸ ਦਾ ਪਤਾ ਲਗਾਇਆ ਜਾਵੇ। ਆਏ ਦਿਨ ਗੋਲੀਆਂ ਚੱਲ ਰਹੀਆਂ ਹਨ। ਹਰਮਨਜੋਤ ਨੇ ਕਿਹਾ ਕਿ ਉਹ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਕੋਲੋਂ ਮੰਗ ਕਰਦਾ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਉੱਥੇ ਹੀ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੈਮਗੰਜ ਇਲਾਕੇ ਵਿੱਚ ਨਰਿੰਦਰ ਪਾਲ ਸਿੰਘ ਦੇ ਘਰ ਕੁੱਝ ਨੌਜਵਾਨ ਆਏ ਅਤੇ ਗੋਲੀਆਂ ਚਲਾਈਆਂ ਗਈਆਂ। ਜਿਸ ਦੇ ਚਲਦੇ ਗੋਲੀ ਨਰਿੰਦਰ ਪਾਲ ਸਿੰਘ ਦੇ ਲੱਗੀ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖ਼ਿਲ ਕਰਵਾਈਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ।